ਪੰਜਾਬ ਦਾ ਮਲਾਹ ਸੁੱਤਾ ਪਿਆ ਪੰਜਾਬ ਦੀ ਬੇੜੀ ਡੁੱਬਣ ਕਿਨਾਰੇ ( ਵਿਅੰਗ )

Last Updated: Jun 12 2019 13:05
Reading time: 2 mins, 23 secs

ਓ ਗੋਰੀ ਕਿੱਧਰ ਤੁਰਿਆ ਜਾਨੈ ... ਗੋਰੀ ਨੂੰ ਉਦਾਸ ਜਿਹੇ ਨੂੰ ਦਰਿਆ ਵੱਲ ਜਾਂਦੇ ਨੂੰ ਖੇਤੁ ਨੇ ਅਵਾਜ਼ ਮਾਰੀ। ਗੋਰੀ ਫਿਰ ਵੀ ਘੀਸ ਵਾਂਗੂ ਨੀਵੀਂ ਪਾਈ ਤੁਰਿਆ ਜਾ ਰਿਹਾ ਲੋਥ ਬਣਿਆ, ਖੇਤੁ ਨੇ ਭੱਜ ਕੇ ਗੋਰੀ ਦੀ ਬਾਂਹ ਫੜੀ ਤੇ ਉਸ ਨੂੰ ਝੰਜੋੜਿਆ ਤੇ ਕਿਹਾ ਓਏ ਪਾਗਲਾ ਤੈਨੂੰ ਪਤਾ ਨੀ ਲੱਗਦਾ ਦਰਿਆ ਵਿੱਚ ਡੁੱਬ ਕੇ ਮਰਨਾ ਤੂੰ। ਖੇਤੁ ਦੇ ਝੰਜੋੜਨ ਨਾਲ ਗੋਰੀ ਨੂੰ ਜ਼ਰਾ ਕੁ ਹੋਸ਼ ਆਈ ਤੇ ਆਪਣੇ ਆਪ ਨੂੰ ਐਨ ਦਰਿਆ ਦੇ ਕੰਡੇ ਤੇ ਖੜ੍ਹਾ ਦੇਖ ਕੇ ਆਪ ਵੀ ਡਰ ਗਿਆ। ਗੋਰੀ ਨੂੰ ਡਰਿਆ ਵੇਖ ਖੇਤੁ ਨੇ ਉਸ ਨੂੰ ਪਿਛਾਂਹ ਖਿੱਚ ਕੇ ਦਰਿਆ ਕੰਡੇ ਲੱਗੇ ਦਰਖ਼ਤ ਨਾਲ ਢੋਹ ਲਵਾ ਕੇ ਬਿਠਾਇਆ ਤੇ ਜੱਦ ਗੋਰੀ ਨੂੰ ਸੂਰਤ ਜਿਹੀ ਆਈ ਤਾਂ ਖੇਤੁ ਨੇ ਪੁੱਛਿਆ ਕੀ ਹੋਇਆ ਗੋਰੀ ਕਿਹੜੀਆਂ ਡੁੰਗੀਆਂ ਸੋਚਾਂ 'ਚ ਤੁਰਿਆ ਜਾ ਰਿਹਾ ਪਤੰਦਰਾ ਤੂੰ ਤਾਂ ਇਹ ਵੀ ਨਾ ਦੇਖਿਆ ਜਮਾ ਕੰਡਾ ਆ ਗਿਆ ਸੀ ਦਰਿਆ ਦਾ ਜੇ ਤੈਨੂੰ ਮੈਂ ਨਾ ਖਿੱਚਦਾ ਤਾਂ ਤੂੰ ਤਾਂ ਜਾ ਡਿਗਣਾ ਸੀ ਦਰਿਆ 'ਚ। ਗੋਰੀ ਖੇਤੁ ਦੀ ਗੱਲ ਸੁਣ ਰੋਣਹਾਕਾ ਜਿਹਾ ਹੋਇਆ ਕਹਿਣ ਲੱਗਾ ਕਿ ਕਰੀਏ ਖੇਤੁ ਸੇਹਾ ਸਾਡੇ ਬਾਲ ਬੱਚਿਆਂ ਦਾ ਕੋਈ ਭਵਿੱਖ ਨਹੀਂ ਦੀਹਂਦਾ ਕੁੱਝ ਦੇਰ ਚੁੱਪ ਰਹਿ ਆਪ ਹੀ ਬੋਲਣ ਲੱਗਾ ਖੇਤੁ ਮੱਲਾ ਆਪਾਂ ਤਾਂ ਕੱਟ ਲਈ ਜਿਹੋ ਜਿਹੀ ਕੱਟਣੀ ਸੀ ਪਰ ਆਪਣੇ ਜੁਆਕਾਂ ਦਾ ਕੀ ਬਣੂ ਵੀਰ ਮੇਰਿਆ? ਖੇਤੁ ਦੀਆ ਸਵਾਲੀਆ ਨਜ਼ਰਾਂ ਨੂੰ ਭਾਂਪਦਾ ਹੋਇਆ ਫਿਰ ਆਪ ਹੀ ਬੋਲਣ ਲੱਗਿਆ। ਤੈਨੂੰ ਤਾਂ ਪਤਾ ਹੀ ਹੈ ਫ਼ਰੀਦਕੋਟ ਕੀ ਹੋਇਆ ਇੱਕ ਹੱਸਦੇ ਖੇਡਦੇ ਚੋਬਰ ਨੂੰ ਪੁਲਿਸ ਨੇ ਮਾਰ ਦਿੱਤਾ ਚੱਲ ਆਪਾਂ ਮੰਨਦੇ ਹਾਂ ਉਹਦੇ 'ਚ ਕੋਈ ਕਸੂਰ ਹੋਊ ਪਰ ਉਹਨੂੰ ਮਾਰਨ ਦਾ ਹੱਕ ਪੁਲਿਸ ਨੂੰ ਕਿਸ ਨੇ ਦਿੱਤਾ ਚਲੋ ਮਾਰ ਵੀ ਗਿਆ ਉਹਦੇ ਮਾਂ ਪਿਓ ਨੂੰ ਉਹਦੀ ਲਾਸ਼ ਹੀ ਦੇ ਦੇਣੀ ਸੀ। ਖੇਤੁ ਕਹਿਣ ਲੱਗਾ ਵੇਖ ਭਾਈ ਗੋਰੀ ਇਹ ਹੋ ਤਾਂ ਮਾੜਾ ਹੀ ਰਿਹਾ ਥੋੜ੍ਹੇ ਦਿਨ ਹੋਗੇ ਮੁਕਤਸਰ ਦਿਨ ਦਿਹਾੜੇ ਇੱਕ ਮੁੰਡੇ ਨੇ ਕੁੜੀ ਦੇ ਘਰ ਆਕੇ ਉਹਦੀਆਂ ਬਾਂਹਾਂ ਵੱਢ ਦਿੱਤੀਆਂ ਵਾਗੁਰੂ ਵਾਗੁਰੂ ਲੋਕ ਐਨੇ ਬੇਖ਼ੌਫ ਹੋਗੇ ਕੋਈ ਡਰ ਭੈ ਹੀ ਨਹੀਂ ਇਨ੍ਹਾਂ ਨੂੰ ਸਰਕਾਰ ਦਾ ਕਨੂੰਨ ਦਾ? ਖੇਤੁ ਆਹ ਗੱਲ ਕਹਿੰਦਾ ਹੋਇਆ ਕੰਬ ਗਿਆ ਅੰਦਰ ਤਾਈ। ਖੇਤੁ ਤੰਦਰਾ ਨੂੰ ਤੋੜਦੇ ਹੋਏ ਗੋਰੀ ਬੋਲਿਆ ਉਹ ਭਰਾਵਾਂ ਜਿਹੜਾ ਆਹ ਕੱਲ੍ਹ ਭਗਵਾਨਪੁਰ ਜਵਾਕ ਨਾਲ ਹੋਈ ਹੈ ਉਹ ਤਾਂ ਰੱਬ ਕਿਸੇ ਦੁਸ਼ਮਣ ਵੈਰੀ ਨਾਲ ਵੀ ਨਾ ਕਰੇ ਇਹ ਕਹਿੰਦਾ ਗੋਰੀ ਦੀ ਭੁੱਬ ਨਿੱਕਲ ਗਈ ਤੇ ਉਹਨੂੰ ਚੁੱਪ ਕਰਾਉਂਦਿਆਂ ਖੇਤੁ ਵੀ ਰੋ ਪਿਆ। ਗੋਰੀ ਨੂੰ ਚੁੱਪ ਕਰਾਉਂਦਿਆਂ ਖੇਤੁ ਨੇ ਕਿਹਾ ਭਰਾਵਾਂ ਆਪਾਂ ਗ਼ਲਤੀ ਕਰ ਲਈ ਇਹੋ ਜਿਹਾ ਨਿਕੰਮਾ ਲੀਡਰ ਚੁਣ ਕੇ ਸਾਡੀ ਬੇੜੀ ਦਾ ਮਲਾਹ ਅਸੀਂ ਉਸ ਨੂੰ ਬਣਾ ਬੈਠੇ ਜੋ ਗ਼ਫ਼ਲਤ ਦੀ ਨੀਂਦ 'ਚ ਸੁਤਾ ਪਿਆ ਤੇ ਪੰਜਾਬ ਦੀ ਬੇੜੀ ਡੁੱਬ ਰਹੀ ਹੈ। ਗੋਰੀ ਅੱਖਾਂ ਪੂੰਜਦਾ ਹੋਇਆ ਕਹਿੰਦਾ ਹੈ ਵੀਰ ਮੇਰਿਆ ਆਪਾਂ ਹੁਣ ਆਪਣੇ ਜੁਆਕ ਆਪ ਸਾਂਭ ਲਈਏ ਨਹੀਂ ਤਾਂ ਇਸ ਡੁੱਬਦੀ ਬੇੜੀ 'ਚ ਜੁਆਕ ਦਾ ਡੁੱਬਣਾ ਤੈਅ ਹੈ ਕੋਈ ਇਸ ਮਲਾਹ ਨੂੰ ਕਹੋ ਓ ਕੋਈ ਹੋਸ਼ ਕਰ ਜੇ ਬੇੜੀ ਡੁੱਬ ਗਈ ਤਾਂ ਤੂੰ ਮਲਾਹ ਵੀ ਨਹੀਂ ਰਹਿ ਸਕਦਾ ਓ ਆਪਣੀ ਮਲਾਹੀ ਲਈ ਹੀ ਬੇੜੀ ਵੱਲ ਧਿਆਨ ਦੇ ਓਏ ਐਨਾ ਕਹਿੰਦੇ ਹੋਏ ਗੋਰੀ ਤੇ ਖੇਤੁ ਆਪਣੇ ਘਰਾਂ ਵੱਲ ਨੂੰ ਤੁਰ ਪਏ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।