ਮਾਧੋਪੁਰ ਅਤੇ ਮਲਿਕਪੁਰ ਅਧੀਨ ਆਉਂਦੇ ਘਰਾਟਾਂ ਦੀ ਬੋਲੀ ਹੁਣ 14 ਜੂਨ ਨੂੰ

Last Updated: Jun 12 2019 12:42
Reading time: 2 mins, 10 secs

ਯੂ.ਬੀ.ਡੀ.ਸੀ. ਉਪ ਮੰਡਲ ਮਾਧੋਪੁਰ ਅਤੇ ਯੂ.ਬੀ.ਡੀ.ਸੀ. ਉਪ ਮੰਡਲ ਮਲਿਕਪੁਰ ਅਧੀਨ ਆਉਂਦੇ ਘਰਾਟਾਂ ਦੀ ਬੋਲੀ ਮਿਤੀ 11 ਜੂਨ 2019 ਅਤੇ 12 ਜੂਨ 2019 ਨੂੰ ਕਰਵਾਈ ਜਾਣੀ ਸੀ ਪਰ ਪ੍ਰਬੰਧਕੀ ਕਾਰਨਾਂ ਕਰਕੇ ਹੁਣ ਇਹ ਬੋਲੀ 14 ਜੂਨ ਨੂੰ ਪਹਿਲਾਂ ਵਾਲੇ ਸਥਾਨ ਤੇ ਹੀ ਕਰਵਾਈ ਜਾਏਗੀ। ਇਹ ਜਾਣਕਾਰੀ ਜਗਦੀਸ਼ ਰਾਜ ਕਾਰਜਕਾਰੀ ਇੰਜੀਨੀਅਰ ਯੂ.ਬੀ.ਡੀ.ਸੀ. ਗੁਰਦਾਸਪੁਰ ਅਤੇ ਸ. ਸੁਰਿੰਦਰ ਸਿੰਘ ਕਲੇਰ ਐਸ.ਡੀ.ਓ. ਯੂ.ਬੀ.ਡੀ.ਸੀ. ਉਪ ਮੰਡਲ ਮਾਧੋਪੁਰ ਅਤੇ ਯੂ.ਬੀ.ਡੀ.ਸੀ. ਉਪ ਮੰਡਲ ਮਲਿਕਪੁਰ ਨੇ ਸਾਂਝੇ ਤੋਰ ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਉਪਰੋਕਤ ਨਿਰਧਾਰਿਤ ਦਿਨ ਮਾਧੋਪੁਰ ਦੇ ਘਰਾਟ ਦੀ ਬੋਲੀ ਬਾਅਦ ਦੁਪਹਿਰ 3 ਵਜੇ ਕਰਵਾਈ ਜਾਏਗੀ ਅਤੇ ਮਲਿਕਪੁਰ ਘਰਾਟਾਂ ਦੀ ਬੋਲੀ ਨਿਰਧਾਰਿਤ ਦਿਨ ਸਵੇਰੇ 11 ਵਜੇ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਘਰਾਟ ਦੀ ਬੋਲੀ ਦੇ ਚਾਹਵਾਨ ਵਿਅਕਤੀ ਨੂੰ ਬੋਲੀ ਸ਼ੁਰੂ ਹੋਣ ਤੋਂ ਪਹਿਲਾਂ 500 ਰੁਪਏ ਸਕਿਉਰਿਟੀ ਵਜੋਂ ਜਮ੍ਹਾਂ ਕਰਵਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬੋਲੀਕਾਰ ਨੇ ਪਹਿਲਾਂ ਗੁਰਦਾਸਪੁਰ ਮੰਡਲ ਵਿੱਚ ਘਰਾਟ ਦੀ ਬੋਲੀ ਲਾ ਕੇ ਸਾਲ 2018-19 ਦੌਰਾਨ ਠੇਕਾ ਲਿਆ ਹੈ ਤਾਂ ਉਹ ਉਪ ਮੰਡਲ ਦਫ਼ਤਰ ਵਿੱਚੋਂ ਇਸ ਸਬੰਧੀ ਐਨ.ਓ.ਸੀ. ਬੋਲੀ ਦੇਣ ਤੋਂ ਪਹਿਲਾ ਪੇਸ਼ ਕਰੇਗਾ ਅਤੇ ਐਨ.ਓ.ਸੀ. ਪੇਸ਼ ਨਾ ਕਰਨ ਦੀ ਸੂਰਤ ਵਿੱਚ ਉਹ ਬੋਲੀਕਾਰ ਬੋਲੀ ਦੇਣ ਦਾ ਹੱਕਦਾਰ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ 60 ਦਿਨਾਂ ਦਾ ਕਿਰਾਇਆ ਮੌਕੇ ਤੇ ਬੋਲੀ ਖਤਮ ਹੋਣ ਤੇ ਸਿਕਉਰਟੀ ਵਜੋਂ ਜਮ੍ਹਾਂ ਕਰਵਾਉਣਾ ਪਵੇਗਾ ਅਤੇ ਇਸ ਰਕਮ ਦਾ ਪਹਿਲੀ ਜਮ੍ਹਾਂ ਕਰਵਾਈ ਸਿਕਊਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਬੋਲੀ ਦੀ ਮੰਨਜੂਰੀ/ਕੈਂਸਲ ਕਰਨ ਦਾ ਫੈਸਲਾ ਨਿਗਰਾਨ ਇੰਜੀਨੀਅਰ ਯੂ.ਬੀ.ਡੀ.ਸੀ. ਹਲਕਾ ਅੰਮ੍ਰਿਤਸਰ ਦੇਣਗੇ ਜੋ ਅੰਤਿਮ ਅਤੇ ਫਾਈਨਲ ਸਮਝਿਆ ਜਾਵੇਗਾ। 

ਉਨ੍ਹਾਂ ਦੱਸਿਆ ਕਿ ਘਰਾਟਾਂ ਦਾ ਕਬਜ਼ਾ ਲੈਣ ਤੋਂ ਪਹਿਲਾ ਸਫਲ ਬੋਲੀ ਵਾਲੇ ਨੂੰ ਇੰਡੀਅਨ ਐਕਟ ਦੇ ਮੁਤਾਬਿਕ ਐਗਰੀਮੈਂਟ ਕਰਨਾ ਪਵੇਗਾ ਅਤੇ 10 ਦਿਨਾਂ ਦੇ ਵਿੱਚ ਘਰਾਟ ਦਾ ਕਬਜ਼ਾ ਲੈਣਾ ਹੋਵੇਗਾ ਨਹੀਂ ਤਾਂ ਜਮ੍ਹਾਂ ਕੀਤੀ ਸਿਕਊਰਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਘਰਾਟ ਇਸ ਸਮੇਂ ਜਿਸ ਹਾਲਤ ਵਿੱਚ ਹੈ ਉਸ ਨੂੰ ਮੁੱਖ ਰੱਖਦਿਆਂ ਬੋਲੀ ਦਿੱਤੀ ਜਾਵੇਗੀ ਅਤੇ ਬੋਲੀ ਤੋਂ ਬਾਅਦ ਘਰਾਟ ਜਿਸ ਹਾਲਤ ਵਿੱਚ ਹੋਵੇਗਾ ਉਸ ਹਾਲਤ ਵਿੱਚ ਕਬਜ਼ਾ ਦਿੱਤਾ ਜਾਵੇਗਾ, ਘਰਾਟ ਦਾ ਸਾਰਾ ਸਮਾਨ ਜਿਵੇਂ ਗਰੜ, ਬੈਰਿੰਗ, ਜਲੋਟ, ਪੂੜੇ ਆਦਿ ਠੇਕੇਦਾਰ ਦੇ ਆਪਣੇ ਹੋਣਗੇ। ਉਪਰੋਕਤ ਸਮਾਨ ਚੁੱਕਣ ਤੇ ਇਸ ਦਫ਼ਤਰ ਨੂੰ ਪਹਿਲਾ ਲਿਖਤੀ ਸੂਚਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਘਰਾਟ ਨੂੰ ਚਲਦਿਆਂ ਕਿਸੇ ਕਿਸਮ ਦੀ ਖਰਾਬੀ ਆਉਣ ਤੇ ਸਰਕਾਰ ਉਸਦੀ ਜਿਮੇਵਾਰ ਨਹੀਂ ਹੋਵੇਗੀ ਅਤੇ ਇਸ ਦਾ ਖਰਚਾ ਘਰਾਟ ਚਲਾਉਣ ਵਾਲੇ ਨੂੰ ਹੀ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਰਾਏ ਦੇ ਬਕਾਏ ਦੀ ਵਸੂਲੀ ਜੋ ਕੋਈ ਰਹਿ ਜਾਵੇ ਤਾਂ ਬਤੌਰ ਏਰੀਅਰ ਆਫ ਲੈਂਡ ਰੈਵਨਿਊ ਦੇ ਮੱਧ ਹੇਠ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਮਹੀਨੇ ਕਿਰਾਇਆ ਮਹੀਨੇ ਦੀ 10 ਤਰੀਖ ਤੱਕ ਹਰ ਹਾਲਤ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਕਿਰਾਏ ਵਿੱਚ ਦੇਰੀ ਹੋਣ ਤੇ 15 ਪ੍ਰਤੀਸ਼ਤ ਦੇ ਹਿਸਾਬ ਨਾਲ ਜੁਰਮਾਨਾ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋੜ ਪੈਣ ਤੇ ਇਹ ਘਰਾਟ ਕਦੇ ਵੀ ਖਾਲੀ ਕਰਵਾਇਆ ਜਾ ਸਕਦਾ ਹੈ ਅਤੇ ਠੇਕੇਦਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।