ਸਹਾਇਕ ਸਬ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !!!

Last Updated: Jun 11 2019 19:35
Reading time: 1 min, 8 secs

ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਦੇ ਵੱਲੋਂ ਅੱਜ ਸਿਟੀ ਥਾਣਾ ਫ਼ਿਰੋਜ਼ਪੁਰ ਦੇ ਇੱਕ ਏਐਸਆਈ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਏਐਸਆਈ ਦੀ ਪਛਾਣ ਮੇਜਰ ਸਿੰਘ ਵਜੋਂ ਹੋਈ ਹੈ, ਜੋਕਿ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਤੈਨਾਤ ਸੀ। ਵਿਜੀਲੈਂਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਨਸੀਬ ਸਿੰਘ ਪੁੱਤਰ ਬਗੀਚਾ ਸਿੰਘ ਨੇ ਬਿਆਨ ਦਰਜ ਕਰਵਾ ਕੇ ਦੋਸ਼ ਲਗਾਇਆ ਸੀ ਕਿ ਉਸ ਵੱਲੋਂ ਅਮਰੀਕ ਸਿੰਘ ਕੈਸ਼ੀਅਰ ਬੋਲਨ ਕੈਰੀਅਰ ਇਨਵੈਸਟਮੈਂਟ ਕੰਪਨੀ, ਦਰਸ਼ਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸੋਢੀ ਨਗਰ ਫ਼ਿਰੋਜ਼ਪੁਰ ਅਤੇ ਹੋਰਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 353 ਮਿਤੀ 30 ਨਵੰਬਰ 2017 ਅ/ਧ 420, 120-ਬੀ ਆਈ.ਪੀ.ਸੀ. ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਦਰਜ ਕਰਵਾਇਆ ਗਿਆ ਸੀ।

ਜਿਸਦੀ ਤਫ਼ਤੀਸ਼ ਏ.ਐਸ.ਆਈ. ਮੇਜਰ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਸੀ ਅਤੇ ਉਕਤ ਮੁਕੱਦਮੇ ਦੇ ਦੋਸ਼ੀ ਅਮਰੀਕ ਸਿੰਘ ਅਤੇ ਦਰਸ਼ਨ ਸਿੰਘ ਦਾ ਚਲਾਨ ਪੇਸ਼ ਮਾਨਯੋਗ ਅਦਾਲਤ 'ਚ ਕਰਨ ਲਈ ਅਤੇ ਮੁਕੱਦਮਾ ਵਿੱਚ ਮੁੱਦਈ ਪਿਰ ਦਾ ਪੱਖ ਮਜ਼ਬੂਤ ਕਰਨ ਲਈ ਏ.ਐਸ.ਆਈ. ਮੇਜਰ ਸਿੰਘ ਵੱਲੋਂ ਮੁੱਦਈ ਨਸੀਬ ਸਿੰਘ ਤੋਂ ਮਿਤੀ 10 ਜੂਨ 2019 ਨੂੰ ਥਾਣਾ ਸਿਟੀ ਵਿਖੇ ਬੁਲਾ ਕੇ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਮੁੱਦਈ ਦੇ ਮਿੰਨਤ ਤਰਲਾ ਕਰਨ 'ਤੇ 8000 ਰੁਪਏ ਰਿਸ਼ਵਤ ਲੈਣ ਲਈ ਏਐਸਆਈ ਸਹਿਮਤ ਹੋ ਗਿਆ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਦਈ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਅੱਜ ਏ.ਐਸ.ਆਈ. ਮੇਜਰ ਸਿੰਘ ਮੁੱਦਈ ਨਸੀਬ ਸਿੰਘ ਤੋਂ 8000/- ਰੁਪਏ ਰਿਸ਼ਵਤ ਹਾਸਲ ਕਰਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਮੁਤਾਬਿਕ ਏਐਸਆਈ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।