ਹਲਕਾ ਫ਼ਤਿਹਗੜ੍ਹ ਸਾਹਿਬ 'ਚ ਤਿਆਰ ਕੀਤੇ ਜਾਣਗੇ ਗੁਰੂ ਨਾਨਕ ਪਵਿੱਤਰ ਜੰਗਲ- ਵਿਧਾਇਕ ਨਾਗਰਾ

Last Updated: Jun 11 2019 17:45
Reading time: 2 mins, 2 secs

ਧਰਤੀ ਤੇ ਮਨੁੱਖਤਾ ਦੀ ਹੋਂਦ ਬਚਾਉਣ ਲਈ ਵਾਤਾਵਰਣ ਦੀ ਸੰਭਾਲ ਬੇਹੱਦ ਜ਼ਰੂਰੀ ਹੈ ਅਤੇ ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵਾਤਾਵਰਣ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਹਰ ਪਿੰਡ 'ਚ 550 ਬੂਟੇ ਲਗਾਏ ਜਾ ਰਹੇ ਹਨ। ਇਸਦੇ ਨਾਲ ਹੀ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੇ ਹੋਰ ਪ੍ਰੋਜੈਕਟ ਵੀ ਚਲਾਏ ਜਾ ਰਹੇ ਹਨ। ਇਸੇ ਤਹਿਤ ਹੀ ਈਕੋ ਸਿੱਖ ਸੰਸਥਾ ਅਤੇ ਮਾਧਵ ਹੈਲਪਿੰਗ ਹੈਂਡ ਸੰਸਥਾ ਦੇ ਸਹਿਯੋਗ ਨਾਲ ਪਿੰਡ ਚਨਾਰਥਲ ਕਲਾਂ ਵਿਖੇ ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕਰਨ ਲਈ ਬੂਟੇ ਲਗਾਉਣ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਇਹ ਜਾਣਕਾਰੀ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ 'ਚ ਤਿਆਰ ਕੀਤੇ ਜਾ ਰਹੇ ਗੁਰੂ ਨਾਨਕ ਪਵਿੱਤਰ ਜੰਗਲ ਵਿੱਚ ਬੂਟੇ ਲਗਾਉਣ ਮੌਕੇ ਦਿੰਦੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 25 ਕਿਸਮਾਂ ਦੇ 600 ਬੂਟੇ ਲਗਾਏ ਗਏ ਹਨ।

ਇਸ ਮੌਕੇ ਵਿਧਾਇਕ ਕੁਲਜੀਤ ਨਾਗਰਾ ਨੇ ਦੱਸਿਆ ਕਿ ਇਹ ਬੂਟੇ ਅਜਿਹੀ ਤਕਨੀਕ ਨਾਲ ਲਗਾਏ ਗਏ ਹਨ ਕਿ ਇਨ੍ਹਾਂ ਨੂੰ ਪਹਿਲੇ ਸਾਲ ਹੀ ਪਾਣੀ ਦੇਣ ਦੀ ਲੋੜ ਪਵੇਗੀ, ਉਸ ਉਪਰੰਤ ਇਹ ਜੰਗਲ ਆਪਣੇ ਆਪ ਹੀ ਵਧਦਾ ਫੁੱਲਦਾ ਰਹੇਗਾ ਤੇ ਬੂਟਿਆਂ ਦੇ ਵਧਣ ਅਤੇ ਜੰਗਲ ਦੇ ਸੰਘਣੇ ਹੋਣ ਦੀ ਰਫ਼ਤਾਰ ਵੀ ਆਮ ਨਾਲੋਂ ਵੱਧ ਹੋਵੇਗੀ। ਹਲਕਾ ਫ਼ਤਿਹਗੜ੍ਹ ਸਾਹਿਬ 'ਚ ਹੋਰ ਵੱਖ-ਵੱਖ ਥਾਵਾਂ 'ਤੇ ਵੀ ਅਜਿਹੇ ਜੰਗਲ ਲਗਾਏ ਜਾਣਗੇ। ਇਸ ਰੂਪ 'ਚ ਬੂਟੇ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਣ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਵੀ ਬਚਾਇਆ ਜਾ ਸਕੇਗਾ।

ਵਿਧਾਇਕ ਨਾਗਰਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ 550 ਆਈ ਹਰਿਆਲੀ ਐਪ ਜ਼ਰੀਏ ਬੂਟੇ ਮੁਫ਼ਤ ਦਿੱਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਗੁਰੂ ਨਾਨਕ 550 ਐਂਡਰੌਇਡ ਐਪ 'ਚ ਪਿੰਡ ਚਨਾਰਥਲ ਕਲਾਂ ਨੂੰ ਜੀਓਟੈਗ ਵੀ ਕੀਤਾ ਅਤੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਬੂਟੇ ਹਾਸਲ ਕਰਕੇ ਵੱਧ ਤੋਂ ਵੱਧ ਥਾਵਾਂ ਤੇ ਲਗਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਨ।

ਇਸ ਮੌਕੇ ਮਾਧਵ ਹੈਲਪਿੰਗ ਹੈਂਡ ਫਾਊਂਡੇਸ਼ਨ ਭਗਵਾਨਪੁਰਾ ਦੇ ਕਾਰਜਕਾਰੀ ਡਾਇਰੈਕਟਰ ਰਾਜੇਸ਼ ਜਿੰਦਲ, ਜਗਦੀਪ ਸਿੰਘ ਸਰਪੰਚ, ਲਖਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਪਾਲ ਸਿੰਘ, ਪ੍ਰਦੀਪ ਸਿੰਘ, ਪੰਚ ਪਰਮਜੀਤ ਸਿੰਘ, ਪੰਚ ਗੁਰਸੇਵਕ ਸਿੰਘ ਸੋਨੀ, ਪੰਚ ਕਰਮਜੀਤ ਸਿੰਘ, ਮਾਸਟਰ ਰੁਪਿੰਦਰ ਸਿੰਘ ਟਿਵਾਣਾ, ਪਰਮਵੀਰ ਸਿੰਘ ਟਿਵਾਣਾ, ਗੁਰਮੁੱਖ ਸਿੰਘ ਪੰਡਰਾਲੀ, ਇੰਦਰਜੀਤ ਸਿੰਘ ਖਰ੍ਹੇ, ਲਾਡੀ ਟਿਵਾਣਾ, ਲਾਲੀ ਟਿਵਾਣਾ, ਨਿਰਮਲ ਸਿੰਘ, ਸਿੰਗਾਰਾ ਸਿੰਘ, ਸਮਾਜ ਸੇਵਕ ਐਡਵੋਕੇਟ ਸਹਿਜਵੀਰ ਔਲਖ, ਵਣ ਵਿਭਾਗ ਪੰਜਾਬ ਤੋਂ ਨਰਪਿੰਦਰ ਸਿੰਘ, ਗੁਰਮੁੱਖ ਸਿੰਘ, ਜਗਜੀਤ ਸਿੰਘ, ਈਕੋ ਸਿੱਖ ਸੰਸਥਾ ਤੋਂ ਕੁਲਵੀਰ ਸਿੰਘ, ਪਵਿੱਤਰ ਸਿੰਘ, ਪਵਨੀਤ ਸਿੰਘ ਆਦਿ ਤੋਂ ਇਲਾਵਾ ਹੋਰ ਇਲਾਕਾਵਾਸੀ ਵੀ ਮੌਜੂਦ ਸਨ।