ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਲਗਾਏ ਕੈਂਪ 'ਚ 227 ਵਿਅਕਤੀਆਂ ਨੇ ਕੀਤਾ ਖ਼ੂਨਦਾਨ

Last Updated: Jun 11 2019 15:17
Reading time: 1 min, 15 secs

ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਪੰਜਾਬੀ ਸਭਿਆਚਾਰਕ ਸੋਸਾਇਟੀ ਅਤੇ ਡੀਪਲਾਸਟ 'ਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਕਮਿਊਨਿਟੀ ਸੈਂਟਰ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ। ਇਸ ਕੈਂਪ ਦੌਰਾਨ ਪੀ.ਜੀ.ਆਈ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ 227 ਵਿਅਕਤੀਆਂ ਵੱਲੋਂ ਸਵੈ-ਇੱਛਾ ਨਾਲ ਦਾਨ ਕੀਤੇ ਗਏ ਖ਼ੂਨ ਦੀਆਂ ਯੂਨਿਟਾਂ ਇਕੱਠਾ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਕਮਲੇਸ਼ ਕੌਸ਼ਲ ਅਤੇ ਪੰਜਾਬੀ ਸਭਿਆਚਾਰਕ ਸੋਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਕਮਲੇਸ਼ ਕੌਸ਼ਲ ਨੇ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸੇਵਾ ਵਿੱਚ ਕੀਤਾ ਗਿਆ ਸਭ ਤੋਂ ਮਹਾਨ ਦਾਨ ਹੈ। ਕਿਸੇ ਵਿਅਕਤੀ ਵੱਲੋਂ ਦਾਨ ਕੀਤੇ ਗਏ ਖ਼ੂਨ ਦੀਆਂ ਬੂੰਦਾਂ ਨਾਲ ਕਿਸੇ ਜ਼ਰੂਰਤਮੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ ਅਤੇ ਹੋਰਨਾਂ ਲੋਕਾਂ ਨੂੰ ਵੀ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਕੈਂਪ 'ਚ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਬੈਜ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਕੱਤਰ ਕਮਲੇਸ਼ ਕੌਸ਼ਲ ਨੇ ਰੈੱਡ ਕਰਾਸ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਫ਼ਸਟ ਏਡ, ਹੋਮ ਨਰਸਿੰਗ ਟਰੇਨਿੰਗ, ਖ਼ੂਨਦਾਨ ਕੈਂਪ ਲਗਾਉਣ ਲਈ, ਰੈੱਡ ਕਰਾਸ ਦੇ ਪੈਟਰਨ ਮੈਂਬਰ ਤੇ ਲਾਈਫ਼ ਮੈਂਬਰ ਬਣਨ ਲਈ, ਸਵੈ-ਇੱਛੁਕ ਦਾਨ ਅਤੇ ਰੈੱਡ ਕਰਾਸ ਦੀ ਸੇਵਾ ਕਰਨ ਲਈ ਇਸ ਸੋਸਾਇਟੀ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇਗਾ। ਇਸ ਮੌਕੇ ਪੰਜਾਬੀ ਸਭਿਆਚਾਰ ਸੋਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ, ਇੰਦਰਪਾਲ ਸਿੰਘ ਧਨੋਆ, ਪਰਵਿੰਦਰ ਸਿੰਘ ਪੈਰੀ, ਗੁਰਦੀਪ ਸਿੰਘ ਅਟਵਾਲ, ਅਰਸ਼ਦੀਪ ਸਿੰਘ ਮਾਨ ਆਦਿ ਤੋਂ ਇਲਾਵਾ ਰੈੱਡ ਕਰਾਸ ਸੋਸਾਇਟੀ ਦੇ ਮੈਂਬਰਾਂ ਦੇ ਨਾਲ ਰੋਟਰੀ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ।