ਮੰਗਾਂ ਸਬੰਧੀ ਡੀ.ਸੀ. ਦਫ਼ਤਰ ਕਾਮਿਆਂ ਵਲੋਂ ਰੋਸ਼

Last Updated: Jun 11 2019 15:14
Reading time: 0 mins, 55 secs

ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸੀਨੀਅਰ ਸਹਾਇਕ, ਪੀ ਏ ਟੂ ਡੀ.ਸੀ, ਸੀਨੀਅਰ ਸਕੇਲ ਸਟੈਨੋਗ੍ਰਾਫ਼ਰ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ ਦੀਆਂ ਪਿਛਲੇ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਅਸਾਮੀਆਂ ਅਤੇ ਤਰੱਕੀਆਂ ਦੇ ਕੇਸ ਕਲੀਅਰ ਨਾ ਹੋਣ ਦੇ ਰੋਸ਼ ਸਦਕਾ ਅਤੇ ਡੀ.ਸੀ ਦਫ਼ਤਰ ਕਾਮਿਆਂ ਨੇ ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਆਪਣਾ ਰੋਸ਼ ਜਤਾਇਆ ਤੇ ਕੰਮਕਾਜ ਠੱਪ ਰੱਖਿਆ। ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਸਾਮੀਆਂ ਦੇ ਭਰੇ ਨਾ ਜਾਣ ਕਰਕੇ ਕਈ ਕਰਮਚਾਰੀਆਂ ਦੀਆਂ ਤਰੱਕੀਆਂ ਲੰਮੇ ਸਮੇਂ ਤੋਂ ਲਟਕਦੀਆਂ ਪਈਆਂ ਹਨ।

ਜਿਸ ਕਰਕੇ ਕਰਮਚਾਰੀਆਂ ਵਿੱਚ ਕਾਫ਼ੀ ਰੋਸ਼ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਡੀ.ਸੀ ਵਲੋਂ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਸੱਦੀ ਗਈ ਸੀ ਤੇ ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਤੇ ਸੁਪਰਡੈਂਟ ਗ੍ਰੇਡ-1 ਵੀ ਮੌਜੂਦ ਸਨ। ਮੀਟਿੰਗ ਵਿੱਚ ਡੀ.ਸੀ ਵਲੋਂ ਯੂਨੀਅਨ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ 3-4 ਦਿਨ ਦਾ ਸਮਾਂ ਦਿੱਤਾ ਜਾਵੇ ਤੇ 18 ਜੂਨ ਤੱਕ ਸਾਰੇ ਕੇਸ ਕਲੀਅਰ ਕਰਵਾ ਦਿੱਤੇ ਜਾਣਗੇ। ਸਾਰੇ ਸਲਾਹ ਮਸ਼ਵਰੇ ਤੋਂ ਬਾਅਦ ਯੂਨੀਅਨ ਵਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਪ੍ਰਸ਼ਾਸਨ ਦੇ ਇਸ ਭਰੋਸੇ ਤੋਂ ਬਾਅਦ 3-4 ਦਿਨ ਦਾ ਸਮਾਂ ਦਿੱਤਾ ਜਾਵੇ, ਜਿਸ ਕਰਕੇ ਇਹ ਸੰਘਰਸ਼ 18 ਜੂਨ ਸ਼ਾਮ 5 ਵਜੇ ਤੱਕ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।