ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਕੀਤੀ ਮੀਟਿੰਗ !!!

Last Updated: Jun 11 2019 13:27
Reading time: 1 min, 34 secs

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਵਫ਼ਦ ਡਾਕਟਰ ਦਰਸ਼ਨ ਪਾਲ ਪਟਿਆਲਾ ਦੀ ਅਗਵਾਈ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਮਿਲੀ ਹੋਈ ਮੀਟਿੰਗ ਅਨੁਸਾਰ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਮਿਲਿਆ ਅਤੇ 21 ਸੂਤਰੀ ਮੰਗ ਪੱਤਰ ਸੌਂਪਣ ਤੋਂ ਬਾਅਦ ਲਗਭਗ ਡੇਢ ਘੰਟਾ ਵਿਚਾਰ ਵਟਾਂਦਰਾ ਚੱਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਅਵਤਾਰ ਮਹਿਮਾ ਨੇ ਦੱਸਿਆ ਕਿ ਜਿਨ੍ਹਾਂ ਮੰਗਾਂ ਨੂੰ ਲੈ ਕੇ ਜੱਥੇਬੰਦੀ ਵਫ਼ਦ ਬੋਰਡ ਨੂੰ ਮਿਲਿਆ ਉਨ੍ਹਾਂ ਵਿੱਚ ਮੁੱਖ ਮੰਗਾਂ ਬਿਜਲੀ ਦੇ ਵੱਧ ਰਹੇ ਰੇਟਾਂ ਨੂੰ ਘੱਟ ਕਰਨਾ, ਬੋਰਡ ਵਿੱਚ ਵੱਡੇ ਪੱਧਰ ਤੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਅਤੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰ ਨੂੰ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਦੇਣਾ ਹੈ।

ਇਸ ਤੋਂ ਇਲਾਵਾ ਕਿਸਾਨਾਂ ਨੇ ਇਹ ਵੀ ਮੰਗ ਰੱਖੀ ਕਿ ਸਹਿਕਾਰੀ ਖੇਤੀ ਕਰਨ ਦੇ ਚਾਹਵਾਨ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਦੇਣਾ, ਐਨਆਰਆਈ ਅਤੇ ਚੇਅਰਮੈਨ ਕੋਟਾ ਖ਼ਤਮ ਕਰਨਾ, ਛੋਟੇ ਕਿਸਾਨਾਂ ਨੂੰ ਕੁਨੈਕਸ਼ਨ ਦੇਣ ਵਾਲੇ ਜ਼ਮੀਨ ਦੀ ਹੱਦ ਸੀਮਾ ਨੂੰ ਕੁਝ ਹੱਦ ਤੱਕ ਨਰਮ ਕਰਨਾ, ਝੋਨੇ ਦੇ ਸੀਜ਼ਨ ਦੌਰਾਨ ਮਿਥੀ ਗਈ ਬਿਜਲੀ ਪੂਰੀ ਦੇਣਾ ਅਤੇ ਕੱਟੀ ਗਈ ਬਿਜਲੀ ਦੀ ਭਰਪਾਈ ਕਰਵਾਉਣਾ ਯਕੀਨੀ ਬਣਾਉਣਾ, ਸੀਜ਼ਨ ਦੌਰਾਨ ਸੜ ਗਏ ਟਰਾਂਸਫ਼ਾਰਮਰਾਂ ਅਤੇ ਲਾਈਨਾਂ ਨੂੰ 48 ਘੰਟੇ ਦੇ ਅੰਦਰ ਅੰਦਰ ਚਾਲੂ ਕਰਵਾਉਣਾ ਯਕੀਨੀ ਬਣਾਉਣਾ, ਗਰਿੱਡਾਂ ਵਿੱਚ ਮੁਲਾਜ਼ਮਾਂ ਦੀ ਕਮੀ ਨੂੰ ਦੂਰ ਕਰਨਾ ਅਤੇ ਤੁਰੰਤ ਭਰਤੀ ਕਰਨਾ ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਲਗਭਗ ਡੇਢ ਘੰਟਾ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਵਿਚਾਰ ਵਟਾਂਦਰਾ ਹੋਇਆ ਹੈ। ਜਿਸ ਸਬੰਧੀ ਅਧਿਕਾਰੀਆਂ ਨੇ ਕਾਫੀ ਸਾਰੀਆਂ ਮੰਗਾਂ ਨੂੰ ਮੰਨਣ ਦਾ ਦਾਅਵਾ ਕੀਤਾ ਹੈ ਅਤੇ ਬਾਕੀ ਰਹਿੰਦੀਆਂ ਮੰਗਾਂ 'ਤੇ ਮੁੜ ਵਿਚਾਰ ਕਰਨ ਦਾ ਸਮਾਂ ਮੰਗਿਆ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਜੇਕਰ ਉਕਤ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਯੂਨੀਅਨ ਆਉਣ ਵਾਲੇ ਦਿਨਾਂ ਵਿੱਚ ਬੋਰਡ ਅਤੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗ ਸਿੰਘ ਭਟੇੜੀ, ਹਰਭਜਨ ਸਿੰਘ ਬੁੱਟਰ, ਕਰਨੈਲ ਸਿੰਘ ਲੰਗ, ਹਰਨੇਕ ਸਿੰਘ ਭੱਲਮਾਜਰਾ, ਬਲਵੰਤ, ਰਾਜ, ਕੁਲਦੀਪ ਸੇਲਬਰਾਹ, ਜਗਮੇਲ ਮਹਿਰਾਜ, ਭਜਨ ਸਿੰਘ ਘੁੰਮਣ, ਗੁਰਮੀਤ ਸਿੰਘ ਦਿੱਤੂਪੁਰ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।