ਡੋਰ ਟੂ ਡੋਰ ਪ੍ਰਚਾਰ ਕਰ ਰਹੀਆਂ ਭਾਜਪਾ ਦੀਆਂ ਮਹਿਲਾ ਵਰਕਰਾਂ ਨੂੰ ਕਾਂਗਰਸੀ ਨੇਤਾ ਨੇ ਕੀਤਾ ਆਪਣੇ ਘਰ ਵਿੱਚ ਬੰਦ

Last Updated: Jun 11 2019 13:10
Reading time: 1 min, 27 secs

ਨਗਰ ਨਿਗਮ ਬਠਿੰਡਾ ਦੀ ਉਪ ਚੋਣ ਲਈ ਸਿਆਸੀ ਪਾਰਟੀਆਂ ਸਰਗਰਮ ਹਨ। ਇਸ ਉਪ ਚੋਣ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਮੁੱਖ ਵਿਰੋਧੀ ਹਨ। ਚੋਣਾਂ ਦੇ ਜੋਸ਼ ਵਿੱਚ ਸਿਆਸੀ ਪਾਰਟੀਆਂ ਦੇ ਵਰਕਰ ਹੋਸ਼ ਗੁਆ ਬੈਠਦੇ ਹਨ, ਖ਼ਾਸ ਕਰ ਜਿਹੜੀ ਪਾਰਟੀ ਸੱਤਾ ਵਿੱਚ ਹੋਵੇ। ਇਸ ਉਪ ਚੋਣ ਵਿੱਚ ਵੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਨੇਤਾ ਅਨਿਲ ਭੋਲਾ ਤੇ ਭਾਰਤੀ ਜਨਤਾ ਪਾਰਟੀ ਦੀਆਂ ਮਹਿਲਾ ਵਰਕਰਾਂ ਨੂੰ ਆਪਣੇ ਘਰ ਵਿੱਚ ਬੰਦ ਕਰਨ ਦੇ ਇਲਜ਼ਾਮ ਲੱਗੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤੀ ਜਨਤਾ ਪਾਰਟੀ ਦੀਆਂ ਮਹਿਲਾ ਵਰਕਰ ਵਾਰਡ ਨੰਬਰ 30 ਦੀ ਅਫ਼ੀਮ ਵਾਲੀ ਗਲੀ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੀਆਂ ਸਨ ਜਦੋਂ ਹੀ ਉਹ ਇੱਕ ਘਰ ਵਿੱਚ ਦਾਖਿਲ ਹੋਈਆਂ ਤਾਂ ਉਨ੍ਹਾਂ ਨੂੰ ਉਸ ਵਿਅਕਤੀ ਨੇ ਘਰ ਵਿੱਚ ਬੰਦ ਕਰ ਲਿਆ। ਇਸ ਦੌਰਾਨ ਮਹਿਲਾ ਵਰਕਰਾਂ ਨੂੰ ਪਤਾ ਚੱਲਿਆ ਕਿ ਇਹ ਘਰ ਕਾਂਗਰਸੀ ਨੇਤਾ ਅਨਿਲ ਭੋਲਾ ਦਾ ਹੈ। ਭਾਰਤੀ ਜਨਤਾ ਪਾਰਟੀ ਦੀਆਂ ਮਹਿਲਾ ਵਰਕਰਾਂ ਨੇ ਇਲਜ਼ਾਮ ਲਗਾਇਆ ਕਿ ਕਾਂਗਰਸੀ ਨੇਤਾ ਨੇ ਉਨ੍ਹਾਂ ਨੂੰ ਆਪਣੇ ਘਰ ਆਉਣ ਲਈ ਡਾਂਟਿਆ ਅਤੇ ਕੁੰਡੀ ਬੰਦ ਕਰਕੇ ਉਨ੍ਹਾਂ ਨੂੰ ਚੋਰਨੀਆਂ ਅਤੇ ਲੁਟੇਰੀਆਂ ਕਹਿ ਵੀ ਜ਼ਲੀਲ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਫ਼ੋਨ ਵੀ ਖੋਹ ਲਏ ਗਏ।

ਉਪ ਚੋਣ ਵਾਰਡ ਨੰਬਰ 30 ਚੋਣ ਇੰਚਾਰਜ ਨਰਿੰਦਰ ਮਿੱਤਲ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਜਦੋਂ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਭਿਣਕ  ਲੱਗੀ ਤਾਂ ਉਹ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਅਨਿਲ ਭੋਲਾ ਦੇ ਘਰ ਗਏ ਤਾਂ ਕਾਂਗਰਸੀ ਨੇਤਾ ਵੱਲੋਂ ਉਨ੍ਹਾਂ ਨਾਲ ਵੀ ਮਾੜਾ ਵਿਹਾਰ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਕੋਤਵਾਲੀ ਦੇ ਇੰਚਾਰਜ ਮੌਕੇ ਤੇ ਪਹੁੰਚ ਗਏ ਮਹਿਲਾ ਵਰਕਰਾਂ ਨੂੰ ਆਪਣੇ ਨਾਲ ਬਾਹਰ ਲੈ ਆਏ।

ਮਹਿਲਾਵਾਂ ਦੇ ਬਾਹਰ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਉਕਤ ਕਾਂਗਰਸੀ ਨੇਤਾ ਖ਼ਿਲਾਫ਼ ਉਚਿਤ ਕਾਰਵਾਈ ਕਰਵਾਉਣ ਲਈ ਧਰਨਾ ਲਾਇਆ ਅਤੇ ਨਾਅਰੇਬਾਜ਼ੀ ਕੀਤੀ। ਉੱਧਰ ਥਾਣਾ ਕੋਤਵਾਲੀ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਮਹਿਲਾ ਵਰਕਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।