ਡਾਕਟਰਾਂ ਦੀ ਤਨਖ਼ਾਹ 'ਚ ਵਾਧਾ, ਉਮਰ ਹੱਦ 58 ਤੋਂ ਵਧਾ ਕੇ 65 ਸਾਲ ਕਰਨ 'ਤੇ ਵਿਚਾਰ - ਸਿਹਤ ਮੰਤਰੀ

Last Updated: Jun 10 2019 17:51
Reading time: 3 mins, 11 secs

ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਦੱਸਿਆ ਕਿ ਸੂਬੇ ਵਿੱਚ ਮਾਹਿਰ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 58 ਤੋਂ ਵਧਾ ਕੇ 65 ਸਾਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਸ. ਸਿੱਧੂ ਨੇ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਡਾਕਟਰਾਂ ਨੂੰ ਮੁੱਢਲਾ ਤਨਖ਼ਾਹ ਸਕੇਲ ਦੇਣ ਕਾਰਨ ਨਵੇਂ ਡਾਕਟਰਾਂ ਵਿੱਚ ਸਰਕਾਰੀ ਨੌਕਰੀ ਵਿੱਚ ਆਉਣ ਦਾ ਉਤਸ਼ਾਹ ਘਟ ਗਿਆ ਸੀ ਜਿਸ ਕਾਰਨ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਮਹਿਸੂਸ ਹੋਣ ਲੱਗੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਦੀਆਂ ਨੀਤੀਆਂ ਕਾਰਨ ਸਿਹਤ ਵਿਭਾਗ ਵਿੱਚ ਡਾਕਟਰ ਭਰਤੀ ਕਰਨ ਦਾ 7 ਤੋਂ 8 ਸਾਲ ਦਾ ਖੱਪਾ ਪੈ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੀ ਸਰਕਾਰ ਦੇ ਫ਼ੈਸਲੇ ਨੂੰ ਪਲਟਦਿਆਂ ਡਾਕਟਰਾਂ ਦੀ ਤਨਖ਼ਾਹ ਵਧਾ ਦਿੱਤੀ ਹੈ ਜਿਸ ਨਾਲ ਦੁਬਾਰਾ ਨੌਜਵਾਨ ਡਾਕਟਰ ਸਰਕਾਰੀ ਨੌਕਰੀ ਵੱਲ ਮੂੰਹ ਕਰਨ ਲੱਗੇ ਹਨ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 58 ਤੋਂ 65 ਸਾਲ ਕਰਨ ਦੇ ਫ਼ੈਸਲੇ ਪਿੱਛੇ ਇੱਕ ਮੰਤਵ ਇਹ ਵੀ ਹੈ ਕਿ ਡਾਕਟਰਾਂ ਦਾ ਪਿਛਲੇ ਅਰਸੇ ਦੌਰਾਨ ਪਿਆ ਕਾਲ ਅਗਲੇ 7 ਸਾਲਾਂ ਵਿੱਚ ਪੂਰਾ ਹੋ ਜਾਵੇਗਾ ਅਤੇ ਇਸ ਅਰਸੇ ਦੌਰਾਨ ਸੂਬੇ ਵਿੱਚ ਡਾਕਟਰਾਂ ਦੀ ਕਮੀ ਵੀ ਨਹੀਂ ਆਵੇਗੀ।

ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਛੇਤੀ ਹੀ ਮਾਹਿਰ ਡਾਕਟਰ ਭੇਜੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ 11 ਜੂਨ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਲੈਣਗੇ ਜਿਸ ਵਿੱਚ ਸੂਬੇ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ, ਹਸਪਤਾਲਾਂ ਦੀਆਂ ਇਮਾਰਤਾਂ ਅਤੇ ਮੈਡੀਕਲ ਮਸ਼ੀਨਰੀ ਸਬੰਧੀ ਸੂਚਨਾ ਇਕੱਤਰ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਉਪਰੰਤ ਫ਼ਾਜ਼ਿਲਕਾ ਨੂੰ ਲੋੜੀਂਦਾ ਡਾਕਟਰੀ ਸਟਾਫ਼ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਹਸਪਤਾਲ ਅਤੇ ਕੈਂਸਰ ਹਸਪਤਾਲ ਦਾ ਨਿਰਮਾਣ ਮੁਕੰਮਲ ਹੋਣ 'ਤੇ ਇੱਥੇ ਪੂਰਾ ਡਾਕਟਰੀ ਤੇ ਪੈਰਾ ਮੈਡੀਕਲ ਤੈਨਾਤ ਕਰ ਦਿੱਤਾ ਜਾਵੇਗਾ।

ਨਵੇਂ ਬਣੇ ਸਿਹਤ ਮੰਤਰੀ ਨੇ ਆਪਣੀ ਤਰਜੀਹ 'ਸਹੀ ਸਮੇਂ 'ਤੇ ਸਹੀ ਇਲਾਜ' ਦੱਸਦਿਆਂ ਕਿਹਾ ਕਿ ਉਹ ਇਸ ਫ਼ਾਰਮੂਲੇ 'ਤੇ ਤਨੋ-ਮਨੋ ਕੰਮ ਕਰਨਗੇ ਤਾਂ ਜੋ ਹਰ ਹਸਪਤਾਲ ਵਿੱਚ ਡਾਕਟਰਾਂ ਅਤੇ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਹਸਪਤਾਲਾਂ 'ਚ ਮੁਫ਼ਤ ਮਿਲਦੀਆਂ ਜੀਵਨ-ਰੱਖਿਅਕ 236 ਦਵਾਈਆਂ ਯਕੀਨੀ ਬਣਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸਸਤਾ ਤੇ ਵਧੀਆ ਇਲਾਜ ਮੁਹੱਈਆ ਕਰਾਉਣ ਦੀ ਕਾਂਗਰਸ ਸਰਕਾਰ ਦੀ ਵਚਨਬੱਧਤਾ ਪੂਰੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਸਥਾਪਤ ਜਨ ਔਸ਼ਧੀ ਕੇਂਦਰ ਵੀ ਅਪਗ੍ਰੇਡ ਕੀਤੇ ਜਾਣਗੇ। ਹਸਪਤਾਲਾਂ ਵਿੱਚ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਸ. ਸਿੱਧੂ ਨੇ ਐਲਾਨ ਕੀਤਾ ਕਿ ਉਹ ਅਗਲੇ ਮਹੀਨੇ ਤੋਂ ਡਾਕਟਰਾਂ ਦੀ ਹਸਪਤਾਲਾਂ 'ਚ ਹਾਜ਼ਰੀ ਯਕੀਨੀ ਬਣਾਉਣ ਲਈ ਚਾਣਚੱਕ ਛਾਪੇ ਮਾਰਨ ਦੀ ਮੁਹਿੰਮ ਸ਼ੁਰੂ ਕਰਨਗੇ ਅਤੇ ਪ੍ਰਾਈਵੇਟ ਹਸਪਤਾਲਾਂ ਦੀਆਂ ਕਮੀਆਂ ਦੂਰ ਕਰਨ ਵੱਲ ਵੀ ਉਚੇਚਾ ਧਿਆਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਮੁੱਢਲੀ ਸਿਹਤ ਸਹੂਲਤ ਮੁਹੱਈਆ ਕਰਵਾਉਣ ਹਰ ਪ੍ਰਾਈਵੇਟ ਹਸਪਤਾਲ ਦਾ ਫ਼ਰਜ਼ ਹੈ ਪਰ ਜੇ ਇਹ ਹਸਪਤਾਲ ਅਜਿਹਾ ਨਹੀਂ ਕਰਦੇ ਤਾਂ ਇਸ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੁਤਾਹੀ ਮੰਨਦਿਆਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸ. ਸਿੱਧੂ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰਾਂ ਦੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਂਦਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਸ਼ਾ ਇੱਕ ਸਮਾਜਕ ਬੁਰਾਈ ਹੈ। ਇਸ ਦੇ ਖ਼ਾਤਮੇ ਲਈ ਸਰਕਾਰੀ ਉੱਦਮ ਤਾਂ ਹੀ ਸਫ਼ਲ ਹੋ ਸਕਦੇ ਹਨ, ਜੇ ਲੋਕਾਂ ਵਿੱਚ ਇਸ ਵਿੱਚ ਭਰਪੂਰ ਸਹਿਯੋਗ ਦੇਣ। ਸਿਹਤ ਮੰਤਰੀ ਨੇ ਮੀਟਿੰਗ ਦੇ ਅਹਿਮ ਏਜੰਡੇ ਔਰਤਾਂ ਲਈ ਵਿਸ਼ੇਸ਼ੀਕ੍ਰਿਤ ਵਨ ਸਟਾਪ ਸਖੀ ਕੇਂਦਰ ਲਈ ਮੁਕੰਮਲ ਪ੍ਰਬੰਧ ਕਰਨ ਨੂੰ ਪ੍ਰਵਾਨਗੀ ਦਿੱਤੀ। ਉਨ੍ਹਾਂ ਨੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਫ਼ਾਜ਼ਿਲਕਾ ਵਿਖੇ ਬਣ ਰਹੇ ਨਵੇਂ ਜ਼ਿਲ੍ਹਾ ਹਸਪਤਾਲ ਵਿੱਚ ਕਿਸੇ ਵੀ ਪ੍ਰਕਾਰ ਦੀ ਹਿੰਸਾ ਦੀਆਂ ਪੀੜਤ ਔਰਤਾਂ ਤੇ ਲੜਕੀਆਂ ਲਈ ਵਿਸ਼ੇਸ਼ੀਕ੍ਰਿਤ ਵਨ ਸਟਾਪ ਸਖੀ ਕੇਂਦਰ ਲਈ ਮੁਕੰਮਲ ਇਮਾਰਤ ਤਿਆਰ ਕੀਤੀ ਜਾਵੇ ਅਤੇ ਲੋੜੀਂਦੇ ਸਟਾਫ਼ ਦੀ ਤੈਨਾਤੀ ਯਕੀਨੀ ਬਣਾਈ ਜਾਵੇ।

ਇਸ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ, ਬੱਲੂਆਣਾ ਦੇ ਵਿਧਾਇਕ ਸ਼੍ਰੀ ਨੱਥੂ ਰਾਮ, ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ, ਐਸ.ਐਸ.ਪੀ. ਸ਼੍ਰੀ ਦੀਪਕ ਹਿਲੋਰੀ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਾਂਗਰਸੀ ਆਗੂ ਸ਼੍ਰੀ ਰੰਜਮ ਕਾਮਰਾ ਅਤੇ ਸ਼੍ਰੀ ਬੀ.ਡੀ. ਕਾਲੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।