ਹੁਣ ਸੋਸ਼ਲ ਮੀਡੀਆ 'ਤੇ ਭੜਕਾਓ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ!!

Last Updated: Jun 10 2019 17:11
Reading time: 0 mins, 42 secs

ਜਿਨ੍ਹਾਂ ਲੋਕਾਂ ਦੇ ਵੱਲੋਂ ਖੁੱਲ੍ਹੇਆਮ ਸੋਸ਼ਲ ਮੀਡੀਆ 'ਤੇ ਭੜਕਾਓ ਪੋਸਟਾਂ ਪਾ ਕੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਉਨ੍ਹਾਂ ਦੇ ਵਿਰੁੱਧ ਹੁਣ ਸਾਈਬਰ ਕ੍ਰਾਈਮ ਛੇਤੀ ਹੀ ਕਾਰਵਾਈ ਆਰੰਭੇਗਾ। ਦੱਸ ਦਈਏ ਕਿ ਅੱਜ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਇ ਪਹੁੰਚੇ। ਜਿੱਥੇ ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। 

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਇ ਨੇ ਸੋਸ਼ਲ ਮੀਡੀਆ 'ਤੇ ਲਗਾਤਾਰ ਵੱਧ ਰਹੀ ਸਮੁਦਾਇਕ ਟਿੱਪਣੀ 'ਤੇ ਚਿੰਤਾ ਵਿਅਕਤ ਕਰਦੇ ਹੋਏ ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸਾਈਬਰ ਸੈੱਲ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਆਖਿਆ। ਮਨਜੀਤ ਸਿੰਘ ਰਾਇ ਨੇ ਕਿਹਾ ਕਿ ਜੇਕਰ ਪੁਲਿਸ ਵਿਭਾਗ ਦੀ ਜਾਣਕਾਰੀ ਵਿੱਚ ਲੋਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਕੋਈ ਵੀ ਪੋਸਟ ਆਉਂਦੀ ਹੈ ਤਾਂ ਉਸ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ।