ਪੰਜਾਬ 'ਚ ਕਮਲ ਦੀ ਖੇਤੀ ਦੀ ਚਾਹਤ ਲਿਆ ਸਕਦੀ ਹੈ ਨੋਂਹ ਮਾਸ ਦੇ ਰਿਸ਼ਤੇ 'ਚ ਤਰੇੜ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 09 2019 16:01
Reading time: 1 min, 17 secs

ਲੋਕ ਸਭਾ ਚੋਣਾਂ 2019 ਵਿੱਚ ਵੱਡੇ ਬਹੁਮਤ ਨੂੰ ਹਾਸਲ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਹੁਣ ਉਨ੍ਹਾਂ ਰਾਜਾਂ ਵਿੱਚ ਧਿਆਨ ਦੇਣਾ ਚਾਹੁੰਦੀ ਹੈ ਜਿੱਥੇ ਅੱਜ ਤੱਕ ਭਾਰਤੀ ਜਨਤਾ ਪਾਰਟੀ ਬਹੁਤੀ ਸਫਲਤਾ ਹਾਸਲ ਨਹੀਂ ਕਰ ਪਾਈ। ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਮੋਦੀ ਲਹਿਰ ਕਾਰਨ ਆਪਣੀਆਂ ਤਿੰਨ ਸੀਟਾਂ ਵਿੱਚੋਂ ਦੋ ਜਿੱਤਣ ਵਿੱਚ ਕਾਮਯਾਬ ਰਹੀ ਹੈ। ਹੁਣ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਲੀਡਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੁਕਸਾਨ ਦਾ ਕਾਰਨ ਉਨ੍ਹਾਂ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੰਨ ਰਹੇ ਹਨ। ਲੋਕ ਸਭਾ ਚੋਣਾਂ ਵਿੱਚ 10 ਸੀਟਾਂ ਵਿੱਚੋਂ ਸਿਰਫ਼ ਦੋ ਸੀਟਾਂ ਜਿੱਤਣ ਕਰਕੇ ਸਥਾਨਕ ਭਾਰਤੀ ਜਨਤਾ ਪਾਰਟੀ ਦੇ ਲੀਡਰ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧੇ ਤੌਰ ਤੇ ਕੇਂਦਰੀ ਲੀਡਰਸ਼ਿਪ ਤੋਂ ਮੰਗ ਕਰ ਰਹੇ ਹਨ ਕਿ ਹੁਣ ਭਾਰਤੀ ਜਨਤਾ ਪਾਰਟੀ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਘੱਟੋ ਘੱਟ ਅੱਧੀਆਂ ਸੀਟਾਂ ਦਿੱਤੀਆਂ ਜਾਣ।

ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਹੁਣ ਸੋਚ-ਵਿਚਾਰ ਕਰ ਰਹੀ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਵਿੱਚ ਕਮਲ ਨੂੰ ਖਿਲਾਇਆ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਲੋਕ ਸਭਾ ਦੀਆਂ ਤਿੰਨ ਸੀਟਾਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਉਸ ਨੇ ਦੋ ਜਿੱਤ ਲਈਆਂ ਹਨ ਅਤੇ ਅੰਮ੍ਰਿਤਸਰ ਤੋਂ ਹਾਰੀ ਹੋਈ ਸੀਟ ਤੋਂ ਹਰਦੀਪ ਸਿੰਘ ਪੂਰੀ ਨੂੰ ਮੰਤਰੀ ਬਣਾਉਣਾ ਅਤੇ ਸੋਮ ਪਾਲ ਨੂੰ ਮੰਤਰੀ ਬਣਾਉਣਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿੱਚ ਕਮਲ ਖਿਲਾਉਣ ਦੀਆਂ ਕੋਸ਼ਿਸ਼ ਦਾ ਹੀ ਰੂਪ ਸਮਝਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਨੋਂਹ ਮਾਸ ਦਾ ਰਿਸ਼ਤਾ ਦੱਸਦੇ ਹਨ ਪਰ ਭਾਰਤੀ ਜਨਤਾ ਪਾਰਟੀ ਦੀਆਂ ਪੰਜਾਬ ਵਿੱਚ ਪੈਰ ਪਸਾਰਨ ਦੀਆਂ ਕੋਸ਼ਿਸ਼ਾਂ ਇਸ ਨੋਂਹ ਮਾਸ ਦੇ ਰਿਸ਼ਤੇ ਵਿੱਚ ਤਰੇੜ ਲਿਆ ਸਕਦੀਆਂ ਹਨ।