ਜ਼ਮੀਨੀ ਵਿਵਾਦ: ਪੁਲਿਸ ਮੁਲਾਜ਼ਮ ਦੀ ਪਤਨੀ 'ਤੇ ਹਮਲਾ.!!!

Last Updated: Jun 09 2019 12:56
Reading time: 1 min, 27 secs

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਪਤਨੀ ਨੂੰ ਉਸ ਦੀ ਵਿਰਾਸਤੀ ਜ਼ਮੀਨ ਦਾ ਹਿੱਸਾ ਮੰਗਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਪੁਲਿਸ ਵਾਲੇ ਦੀ ਪਤਨੀ ਦੀ ਉਸ ਦੇ ਸ਼ਰੀਕਾਂ ਨੇ ਹੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਇਸ ਸਬੰਧ ਵਿੱਚ ਪੁਲਿਸ ਥਾਣਾ ਮਮਦੋਟ ਦੇ ਵੱਲੋਂ ਅੱਧੀ ਦਰਜਨ ਦੇ ਕਰੀਬ ਔਰਤਾਂ ਅਤੇ ਮਰਦਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਮਨਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਸਰਕਾਰੀ ਕੁਆਟਰ ਨੰਬਰ 19 ਸਦਰ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਬਲਕਾਰ ਸਿੰਘ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੈ। ਮਨਜੀਤ ਕੌਰ ਨੇ ਦੋਸ਼ ਲਗਾਇਆ ਉਨ੍ਹਾਂ ਦੀ ਵਿਰਾਸਤੀ ਜ਼ਮੀਨ ਪਿੰਡ ਰਾਉ ਕੇ ਹਿਠਾੜ ਵਿਖੇ ਹੈ, ਜਿਸ ਦੇ ਸਬੰਧ ਵਿੱਚ ਝਗੜਾ ਬੂਟਾ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ, ਵੀਰੋ ਬਾਈ, ਮਹਿੰਦਰ ਸਿੰਘ, ਪਰਵਿੰਦਰ ਕੌਰ ਆਦਿ ਦੇ ਨਾਲ ਚੱਲਦਾ ਆ ਰਿਹਾ ਸੀ। ਮਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਹ ਆਪਣੀ ਵਿਰਾਸਤੀ ਜ਼ਮੀਨ ਵਿੱਚੋਂ ਹਿੱਸਾ ਮੰਗਦੀ ਸੀ, ਪਰ ਉਕਤ ਲੋਕ ਉਸ ਨੂੰ ਜ਼ਮੀਨ ਵਿੱਚੋਂ ਹਿੱਸਾ ਨਹੀਂ ਸੀ ਦਿੰਦੇ। ਮਨਜੀਤ ਕੌਰ ਨੇ ਦੋਸ਼ ਲਗਾਇਆ ਕਿ ਬੀਤੀ ਦੁਪਹਿਰੇ ਜਦੋਂ ਉਹ ਪਿੰਡ ਰਾਉ ਕੇ ਹਿਠਾੜ ਵਿਖੇ ਗਈ ਤਾਂ ਉਕਤ ਲੋਕਾਂ ਨੇ ਹਮਮਸ਼ਵਰਾ ਹੋ ਕੇ ਮੁਦਈਆ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰਨ ਤੋਂ ਇਲਾਵਾ ਧਮਕੀਆਂ ਦਿੱਤੀਆਂ।

ਮਨਜੀਤ ਕੌਰ ਮੁਤਾਬਿਕ ਸੱਟਾਂ ਵੱਜਣ ਕਾਰਨ ਉਹ ਜ਼ਖਮੀ ਹੋ ਗਈ ਅਤੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਮਮਦੋਟ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ਼ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਬੂਟਾ ਸਿੰਘ, ਬਲਕਾਰ ਸਿੰਘ ਪੁੱਤਰਾਨ ਪਾਲ ਸਿੰਘ, ਜਸਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ, ਵੀਰੋ ਬਾਈ ਪਤਨੀ ਬੂਟਾ ਸਿੰਘ, ਮਹਿੰਦਰ ਕੌਰ ਪਤਨੀ ਬਲਕਾਰ ਸਿੰਘ, ਪਰਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀਅਨ ਰਾਉ ਕੇ ਹਿਠਾੜ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।