ਮਾਲਵੇ ਵਿੱਚ ਨਹਿਰੀ ਪਾਣੀ ਦੀ ਸਮੱਸਿਆ ਨੂੰ ਲੈ ਸੁਖਬੀਰ ਬਾਦਲ ਵੱਲੋਂ ਕਾਂਗਰਸ ਤੇ ਨਿਸ਼ਾਨਾ

Last Updated: Jun 09 2019 10:02
Reading time: 0 mins, 55 secs

ਮਾਲਵੇ ਦੇ ਚਾਰ ਜ਼ਿਲ੍ਹਿਆਂ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ ਨਹਿਰੀ ਪਾਣੀ ਦੀ ਚੱਲ ਰਹੀ ਕਮੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ l ਸੋਸ਼ਲ ਮੀਡੀਆ ਜਰੀਏ ਨਿਸ਼ਾਨਾ ਸਾਧਦੇ ਹੋਏ ਬਾਦਲ ਨੇ ਕਿਹਾ ਕੇ ਮਾਲਵਾ ਖੇਤਰ ਦੇ ਲੋਕ ਸਿੰਚਾਈ ਲਈ ਅਤੇ ਪੀਣ ਵਾਲੇ ਪਾਣੀ ਲਈ ਨਹਿਰੀ ਪਾਣੀ ਤੇ ਨਿਰਭਰ ਹਨ  ਪਰ ਇਸਦੀ ਮਾਲਵਾ ਖੇਤਰ ਵਿੱਚ ਬੁਰੀ ਹਾਲਤ ਹੈ l ਉਨ੍ਹਾਂ ਕਿਹਾ ਕੇ ਕਾਂਗਰਸ ਸਰਕਾਰ ਹਰੀਕੇ ਹੈੱਡਵਰਕਸ ਦੀ ਪਾਣੀ ਦੀ ਸਪਲਾਈ ਵਧਾਉਣ ਦਾ ਕੋਈ ਯਤਨ ਨਹੀਂ ਕਰ ਰਹੀ l ਪਾਣੀ ਦੀ ਕਮੀ ਦੇ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਨਰਮੇ ਦੀ ਫਸਲ ਬਹੁਤ ਪ੍ਰਭਾਵਿਤ ਹੋਈ ਹੈ ਅਤੇ ਝੋਨੇ ਦੇ ਸੀਜਨ ਵਿੱਚ ਇਹੀ ਹਾਲ ਰਿਹਾ ਤਾ ਹਾਲਤ ਹੋਰ ਵੀ ਬੁਰੇ ਹੋਣਗੇ l ਉਨ੍ਹਾਂ ਕਿਹਾ ਕੇ ਇਸ ਇਲਾਕੇ ਦਾ ਜ਼ਮੀਨਦੋਜ਼ ਪਾਣੀ ਵੀ ਖਾਰਾ ਹੋਣ ਕਾਰਨ ਲੋਕਾਂ ਨੂੰ ਪੀਣਯੋਗ ਪਾਣੀ ਨਹੀਂ ਮਿਲ ਰਿਹਾ ਅਤੇ ਇਨਸਾਨ ਦੀ ਸਹੇੜੀ ਇਸ ਸਮੱਸਿਆ ਦੇ ਹੱਲ ਲਈ ਕਾਂਗਰਸ ਸਰਕਾਰ ਘੂਕ ਸੁੱਤੀ ਪਈ ਹੈ l ਬਾਦਲ ਨੇ ਕਿਹਾ ਕੇ ਕਾਂਗਰਸ ਸਰਕਾਰ ਨੂੰ ਇਸ ਮਸਲੇ ਦੇ ਹੱਲ ਲਈ ਇੱਕਜੁਟ ਹੋ ਕੇ ਕੰਮ ਕਰਨ ਦੀ ਜਰੂਰਤ ਹੈ ਅਤੇ ਸਰਕਾਰ ਦੀ ਇਸ ਅਸਫਲਤਾ ਦੀ ਸਜਾ ਕਿਸਾਨਾਂ ਨੂੰ ਨਹੀਂ ਮਿਲਣੀ ਚਾਹੀਦੀ l