ਐਨਆਰਆਈ ਨੇ ਸਰਕਾਰੀ ਹਾਈ ਸਕੂਲ ਦੀ ਕਾਇਆ ਕਲਪ ਲਈ ਦਿੱਤੀ 3 ਲੱਖ ਰੁਪਏ ਦੀ ਆਰਥਿਕ ਸਹਾਇਤਾ

Last Updated: Jun 08 2019 17:30
Reading time: 1 min, 19 secs

ਅਕਾਦਮਿਕ, ਖੇਡਾਂ ਸਮੇਤ ਹਰ ਐਕਟੀਵਿਟੀ ਵਿੱਚ ਮੱਲ੍ਹਾਂ ਮਾਰਨ ਵਾਲੇ ਸਰਕਾਰੀ ਹਾਈ ਸਕੂਲ ਬੇਗੋਵਾਲ ਦਾ ਐਨ.ਆਰ.ਆਈ ਪ੍ਰਮੋਦ ਕੁਮਾਰ ਜਰਮਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੌਰਾ ਕੀਤਾ ਗਿਆ ਅਤੇ ਸਕੂਲ ਦੀਆਂ ਜ਼ਰੂਰਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਸਕੂਲ ਵਿਜ਼ਿਟ ਦੌਰਾਨ ਐਨਆਰਆਈ ਪਰਿਵਾਰ ਨਾਲ ਕਾਂਗਰਸ ਦੀ ਹਲਕਾ ਪ੍ਰਧਾਨ ਅਤੇ ਸਮਾਜ ਸੇਵਿਕਾ ਬੀਬੀ ਸਤਿੰਦਰਦੀਪ ਕੌਰ (ਦੀਪੀ ਮਾਂਗਟ) ਵੀ ਨਾਲ ਮੌਜੂਦ ਸਨ। ਇਸ ਮੌਕੇ ਐਨਆਰਆਈ ਪਰਿਵਾਰ ਵੱਲੋਂ ਸਕੂਲ ਦੀ ਕਾਇਆ ਕਲਪ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀ ਨੂੰ ਤਿੰਨ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ।

ਸਕੂਲ ਦੇ ਇੰਚਾਰਜ ਮੁੱਖ ਅਧਿਆਪਕ ਸੁਖਵੰਤ ਸਿੰਘ ਨੇ ਦੱਸਿਆ ਕਿ ਸਕੂਲ ਸਟਾਫ਼ ਵੱਲੋਂ ਵਿਜ਼ਿਟ ਦੌਰਾਨ ਸਕੂਲ ਦੀਆਂ ਅਤਿ ਜ਼ਰੂਰੀ ਜ਼ਰੂਰਤਾਂ ਪ੍ਰਤੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਤਿੰਦਰਦੀਪ ਕੌਰ ਦੀਪੀ ਦੀ ਪ੍ਰੇਰਣਾ ਸਦਕਾ ਐਨਆਰਆਈ ਵੱਲੋਂ ਸਕੂਲ ਨੂੰ ਰੰਗ ਕਰਵਾਉਣ, ਕਮਰਿਆਂ 'ਚ ਫ਼ਰਸ਼, ਖਿੜਕੀਆਂ-ਰੌਸ਼ਨਦਾਨ ਆਦਿ ਲਗਵਾਉਣ ਲਈ ਤਿੰਨ ਲੱਖ ਦੀ ਆਰਥਿਕ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ, ਜਿਸ ਸਦਕਾ ਛੁੱਟੀਆਂ ਦੌਰਾਨ ਸਕੂਲ ਦੀ ਮੁਰੰਮਤ ਅਤੇ ਰੰਗ ਰੋਗਨ ਦਾ ਕੰਮ ਸ਼ੁਰੂ ਹੋਇਆ। ਇਸ ਮੌਕੇ ਐਨਆਰਆਈ ਪ੍ਰਮੋਦ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਭਰੋਸਾ ਦਿਵਾਇਆ ਕਿ ਸਕੂਲ ਸਟਾਫ਼ ਦੀ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਉਹ ਭਵਿੱਖ 'ਚ ਵੀ ਜ਼ਰੂਰਤ ਪੈਣ ਤੇ ਸਕੂਲ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਰਹਿਣਗੇ।

ਇਸ ਕੰਮ ਲਈ ਸਤਿੰਦਰਦੀਪ ਕੌਰ ਅਤੇ ਰਛਪਾਲ ਸਿੰਘ ਦੀ ਅਗਵਾਈ 'ਚ ਪਿੰਡ ਪੱਧਰੀ ਇੱਕ ਟੀਮ ਬਣਾ ਕੇ ਅਤੇ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਦੀ ਯੋਜਨਾ ਬਣਾਈ ਗਈ। ਇਸ ਕੰਮ ਲਈ ਸਕੂਲ ਦੀ ਮੈਨੇਜਮੈਂਟ ਕਮੇਟੀ, ਸਕੂਲ ਸਟਾਫ਼ ਅਤੇ ਮੋਹਤਬਰਾਂ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਲਈ ਐਨਆਰਆਈ ਪਰਿਵਾਰ ਵੱਲੋਂ ਕੀਤੀ ਮਾਲੀ ਮਦਦ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰਜ਼, ਪਸਵਕ ਕਮੇਟੀ, ਸਕੂਲ ਭਲਾਈ ਕਮੇਟੀ ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਸਨ।