ਆ ਬੀਬਾ, ਤੈਨੂੰ ਇਨਸਾਫ਼ ਦੁਆਈਏ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 08 2019 16:38
Reading time: 3 mins, 46 secs

ਕਾਂਗਰਸ ਸਰਕਾਰ ਜਦੋਂ ਤੋਂ ਪੰਜਾਬ ਦੀ ਸੱਤਾ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੇ ਕਈ ਵਿਧਾਇਕਾਂ ਤੋਂ ਇਲਾਵਾ ਮੰਤਰੀਆਂ 'ਤੇ ਜ਼ਮੀਨਾਂ ਉੱਪਰ ਕਬਜ਼ੇ ਕਰਨ ਤੋਂ ਇਲਾਵਾ ਨਸ਼ਾ ਤਸਕਰਾਂ ਅਤੇ ਰੇਤ ਮਾਫ਼ੀਆਂ ਦੇ ਨਾਲ ਮਿਲੇ ਹੋਣ ਦੇ ਦੋਸ਼ ਲੱਗ ਚੁੱਕੇ ਹਨ। ਦਰਅਸਲ, ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ 'ਤੇ ਜ਼ਿਆਦਾਤਰ ਜਿੱਥੇ ਮਾਮਲੇ ਦਰਜ ਹੋਏ ਹਨ, ਉੱਥੇ ਹੀ ਗਰੀਬਾਂ ਅਤੇ ਮਜ਼ਦੂਰਾਂ ਤੋਂ ਇਲਾਵਾ ਕਿਸਾਨਾਂ 'ਤੇ ਵੀ ਕਥਿਤ ਤੌਰ 'ਤੇ ਅੱਤਿਆਚਾਰ ਹੋਏ ਹਨ। 

ਦੱਸ ਦਈਏ ਕਿ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਕਸਰ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖ਼ੀਆਂ ਦੇ ਵਿੱਚ ਰਹਿੰਦੇ ਹਨ। ਜ਼ੀਰਾ ਦਰਅਸਲ, ਉਦੋਂ ਹੀ ਸੁਰਖ਼ੀਆਂ ਦੇ ਵਿੱਚ ਆਏ ਸਨ, ਜਦੋਂ ਉਨ੍ਹਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਨਸ਼ੇੜੀ ਹੋਣ ਦੀ ਮੁਹਿੰਮ ਚਲਾਈ ਗਈ ਸੀ। ਭਾਵੇਂ ਹੀ ਵਿਧਾਇਕ ਜ਼ੀਰਾ ਦੀ ਉਕਤ ਮੁਹਿੰਮ ਕਾਮਯਾਬ ਨਹੀਂ ਹੋ ਸਕੀ, ਪਰ ਵੇਖਿਆ ਜਾਵੇ ਤਾਂ ਜ਼ੀਰਾ ਉਸ ਤੋਂ ਬਾਅਦ ਹੋਰਨਾਂ ਕਈ ਮਾਮਲਿਆਂ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਰਹੇ ਹਨ। 

ਵਿਧਾਇਕ ਜ਼ੀਰਾ ਉੱਪਰ ਜਿੱਥੇ ਸ਼ਰਾਬ ਦੇ ਠੇਕਿਆਂ 'ਤੇ ਕਥਿਤ ਤੌਰ 'ਤੇ ਕਬਜ਼ੇ ਕਰਨ ਦੇ ਦੋਸ਼ ਲੱਗਦੇ ਰਹੇ ਹਨ, ਉੱਥੇ ਹੀ ਰੇਤ ਮਾਫ਼ੀਆ ਦੇ ਨਾਲ ਮਿਲ ਕੇ ਨਜਾਇਜ਼ ਰੇਤੀ ਦੀ ਨਿਕਾਸੀ ਕਰਵਾਉਣ ਦਾ ਵੀ ਵਿਧਾਇਕ ਜ਼ੀਰਾ ਅਤੇ ਉਸ ਦੇ ਪਿਤਾ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ 'ਤੇ ਲੱਗਦਾ ਰਿਹਾ ਹੈ। ਤਾਜ਼ਾ ਮਾਮਲਾ ਜੋ ਹੁਣ ਸਾਹਮਣੇ ਆਇਆ ਹੈ, ਉਹ ਵੀ ਜ਼ਮੀਨ 'ਤੇ ਕਬਜ਼ਾ ਕਰਨ ਸਬੰਧੀ ਹੀ ਹੈ। ਵਿਧਾਇਕ ਜ਼ੀਰਾ ਅਤੇ ਉਸ ਦੇ ਪਿਤਾ ਉੱਪਰ ਇੱਕ ਵਿਧਵਾ ਔਰਤ ਦੀ ਜ਼ਮੀਨ ਹੜੱਪਣ ਦਾ ਦੋਸ਼ ਲੱਗਿਆ ਹੈ ਅਤੇ ਉਕਤ ਵਿਧਵਾ ਔਰਤ ਨੇ ਅੱਜ ਪ੍ਰੈਸ ਕਾਨਫ਼ਰੰਸ ਕਰਦਿਆਂ ਕਈ ਖ਼ੁਲਾਸੇ ਕੀਤੇ। 

ਪ੍ਰੈਸ ਕਲੱਬ ਫ਼ਿਰੋਜ਼ਪੁਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਸਿਮਰਨਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਤਲਵੰਡੀ ਜੱਲੇ ਖਾਂ ਤਹਿ. ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਉਸ ਦੇ ਪਤੀ ਗੁਰਜੀਤ ਸਿੰਘ ਵਾਸੀ ਪਿੰਡ ਤਲਵੰਡੀ ਜੱਲੇ ਖਾਂ ਦੀ ਮੌਤ 24 ਫਰਵਰੀ 2017 ਨੂੰ ਹੋ ਗਈ ਸੀ ਅਤੇ ਉਨ੍ਹਾਂ ਦਾ ਇੱਕ ਤਿੰਨ ਵਰ੍ਹਿਆਂ ਦਾ ਲੜਕਾ ਹੈ। ਵਿਧਵਾ ਸਿਮਰਨਜੀਤ ਕੌਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਆਪਣਾ ਹੱਕ ਆਪਣੇ ਸਹੁਰੇ ਪਰਿਵਾਰ ਤੋਂ ਲੈਣ ਲਈ ਮਾਣਯੋਗ ਅਦਾਲਤ ਜ਼ੀਰਾ ਵਿਖੇ ਕੇਸ ਲਗਾਇਆ ਸੀ, ਜਿਸ ਦੇ ਸਬੰਧ ਵਿੱਚ ਮਾਣਯੋਗ ਅਦਾਲਤ ਨੇ ਉਸ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦੇ ਹੋਏ, ਉਸ ਦੇ ਪਤੀ ਦੀ 8 ਏਕੜ ਜ਼ਮੀਨ ਉਸ ਦੇ ਅਤੇ ਉਸ ਦੇ ਲੜਕੇ ਦੋਵਾਂ ਨੂੰ ਬਰਾਬਰ-ਬਰਾਬਰ ਦੇਣ ਦਾ ਫ਼ੈਸਲਾ ਕੀਤਾ। 

ਵਿਧਵਾ ਸਿਮਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਨੂੰ ਆਪਣੇ ਸਹੁਰਿਆਂ ਤੋਂ ਜ਼ਮੀਨ ਦਾ ਕਬਜ਼ਾ ਲੈਣਾ ਕਾਫੀ ਮੁਸ਼ਕਲ ਸੀ, ਜਿਸ ਦੇ ਚੱਲਦੇ ਉਹ ਆਪਣੇ ਇਲਾਕੇ ਦੇ ਮੌਜੂਦਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਸ ਦੇ ਪਿਤਾ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੂੰ ਮਿਲੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤੁਹਾਡੀ ਜ਼ਮੀਨ ਦਾ ਕਬਜ਼ਾ ਦੁਆ ਦਿੰਦੇ ਹਾਂ, ਜਿਸ ਦੇ ਬਦਲੇ ਉਨ੍ਹਾਂ ਨੇ ਵਿਧਵਾ ਨਾਲ ਇੱਕ ਇਕਰਾਰਨਾਮਾ ਕੀਤਾ ਕਿ ਅਸੀਂ ਜ਼ਮੀਨ ਦਾ ਕਬਜ਼ਾ ਲੈ ਕੇ ਪਹਿਲੇ 6 ਮਹੀਨੇ ਅਸੀਂ ਜ਼ਮੀਨ ਕਾਸ਼ਤ ਕਰਾਂਗੇ ਅਤੇ 6 ਮਹੀਨਿਆਂ ਬਾਅਦ ਜ਼ਮੀਨ ਦਾ ਕਬਜ਼ਾ ਆਪ ਨੂੰ ਦੇ ਦਿੱਤਾ ਜਾਵੇਗਾ। 

ਵਿਧਵਾ ਸਿਮਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਸ ਦੇ ਪਿਤਾ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਵੱਲੋਂ ਮੁੱਦਈਆ ਦੀ ਜ਼ਮੀਨ 'ਤੇ ਕਬਜ਼ਾ ਕੀਤੇ ਨੂੰ ਇੱਕ ਸਾਲ ਬੀਤ ਗਿਆ ਹੈ ਅਤੇ ਹੁਣ ਉਨ੍ਹਾਂ ਨੇ ਇਹ ਜ਼ਮੀਨ ਕਿਸੇ ਨੂੰ ਠੇਕੇ ਤੇ ਦੇ ਦਿੱਤੀ ਹੈ। ਸਿਮਰਨਜੀਤ ਕੌਰ ਮੁਤਾਬਿਕ ਜ਼ੀਰਾ ਹੋਰਾਂ ਨੇ ਉਸ ਦੀ ਜ਼ਮੀਨ ਤੇ ਉਸ ਦੀ ਮਰਜ਼ੀ ਤੋਂ ਬਿਨਾਂ ਆਪਣੇ ਸਾਥੀਆਂ ਦਲਜੀਤ ਸਿੰਘ, ਸੁਖਦੇਵ ਸਿੰਘ ਪੁੱਤਰਾਨ ਦਰਸ਼ਨ ਸਿੰਘ ਵਾਸੀਅਨ ਅਵਾਨ ਤਹਿ. ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕਬਜ਼ਾ ਕਰਵਾ ਦਿੱਤਾ ਹੈ, ਜੋ ਮੁੱਦਈ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। 

ਸਿਮਰਨਜੀਤ ਨੇ ਦੋਸ਼ ਲਗਾਇਆ ਕਿ ਇਸ ਸਬੰਧੀ ਉਸ ਨੇ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਨੂੰ ਕੀਤੀ ਅਤੇ ਉਨ੍ਹਾਂ ਨੇ ਨਰਿੰਦਰ ਸਿੰਘ ਡੀਐਸਪੀ ਜ਼ੀਰਾ ਕੋਲ ਮੁੱਦਈ ਨੂੰ ਭੇਜ ਦਿੱਤਾ, ਪਰ ਉੱਥੇ ਵੀ ਮੁੱਦਈ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ, ਸਗੋਂ ਉਸ ਨੂੰ ਡਰਾ ਧਮਕਾ ਕੇ ਸਮਝੌਤੇ ਲਈ ਜ਼ੋਰ ਪਾਇਆ। ਸਿਮਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਨੂੰ ਅਤੇ ਉਸ ਦੇ ਲੜਕੇ ਨੂੰ ਉਕਤ ਵਿਧਾਇਕ ਅਤੇ ਉਸ ਦੇ ਸਾਥੀਆਂ ਤੋਂ ਜਾਨ-ਮਾਲ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਜੇਕਰ ਸਾਡਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਉਕਤ ਵਿਅਕਤੀ ਹੀ ਹੋਣਗੇ। ਸਿਮਰਨਜੀਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦੁਆਇਆ ਜਾਵੇ।

ਦੂਜੇ ਪਾਸੇ ਜਦੋਂ 'ਨਿਊਜ਼ਨੰਬਰ' ਦੇ ਵੱਲੋਂ ਡੀਐਸਪੀ ਜ਼ੀਰਾ ਨਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਪਹਿਲੋਂ ਹੀ ਉਨ੍ਹਾਂ ਦੇ ਕੋਲ ਵਿਧਵਾ ਔਰਤ ਸਿਮਰਨਜੀਤ ਕੌਰ ਦਾ ਮਾਮਲਾ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਵਿਧਵਾ ਔਰਤ ਸਿਮਰਨਜੀਤ ਕੌਰ ਨੂੰ ਇਨਸਾਫ਼ ਦੁਆਇਆ ਜਾਵੇਗਾ। ਦੇਖਣਾ ਹੁਣ ਇਹ ਹੋਵੇਗਾ ਕਿ ਉਕਤ ਵਿਧਵਾ ਔਰਤ ਨੂੰ ਪੁਲਿਸ ਕਦੋਂ ਇਨਸਾਫ਼ ਦਿਵਾਉਂਦੀ ਹੈ? ਕਿਉਂਕਿ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਸਿਮਰਨਜੀਤ ਕੌਰ ਨੂੰ ਇਨਸਾਫ਼ ਖ਼ਾਤਰ ਦਫ਼ਤਰਾਂ ਵਿੱਚ ਧੱਕੇ ਖਾਂਦਿਆਂ ਨੂੰ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।