"ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕਸ ਐਕਸੀਲੈਂਸ ਐਵਾਰਡਜ਼" ਦਾ ਜਲਦ ਹੋਵੇਗਾ ਆਯੋਜਨ, 200 ਵਿਦਿਆਰਥੀ ਹੋਣਗੇ ਸਨਮਾਨਿਤ

Last Updated: Jun 08 2019 16:05
Reading time: 1 min, 36 secs

ਵਿਦਿਆਰਥੀਆਂ 'ਚ ਚਿਣਗ ਜਗਾਉਣ ਦੇ ਉਦੇਸ਼ ਨਾਲ ਮਯੰਕ ਫਾਊਂਡੇਸ਼ਨ ਵੱਲੋਂ ਦੂਜੇ "ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕਸ ਐਕਸੀਲੈਂਸ ਐਵਾਰਡਜ਼" "ਏਕ ਚੰਦਰ ਸਪਰਸ਼ ਉਤਕਰਿਸ਼ਟਤਾ ਨੂੰ ਸਮਰਪਿਤ" ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਦਾਸ ਐਂਡ ਬਰਾਉਣ ਸਕੂਲ ਵਿੱਚ ਸੰਸਥਾ ਦੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਸੰਸਥਾਪਕ ਅਨੀਰੁੱਧ ਗੁਪਤਾ, ਦੀਪਕ ਸ਼ਰਮਾ, ਗ਼ਜ਼ਲਪ੍ਰੀਤ ਨੇ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿੱਚ ਵੱਖ-ਵੱਖ ਸਿੱਖਿਆ ਬੋਰਡਾਂ ਵਿੱਚ ਅੱਵਲ ਆਉਣ ਵਾਲੇ ਦਸਵੀਂ ਦੇ 100 ਵਿਦਿਆਰਥੀਆਂ ਅਤੇ ਬਾਰ੍ਹਵੀਂ ਕਲਾਸ ਦੇ ਵੀ 100 ਵਿਦਿਆਰਥੀਆਂ ਦੀ ਲਿਸਟ ਜਾਰੀ ਕੀਤੀ ਗਈ। 

ਉਨ੍ਹਾਂ ਨੇ ਦੱਸਿਆ ਕਿ ਬਾਰ੍ਹਵੀਂ ਦੇ ਮੈਡੀਕਲ ਦੇ 25, ਨਾਨ-ਮੈਡੀਕਲ ਦੇ 25, ਕਾਮਰਸ ਦੇ 25 ਅਤੇ ਆਰਟਸ ਦੇ 25 ਵਿਦਿਆਰਥੀ ਸਨਮਾਨਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 11 ਬਲਾਕਾਂ ਦੇ ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਟਾਪਰਜ਼ ਵਿਦਿਆਰਥੀ ਵੀ ਸਨਮਾਨਿਤ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਲਿਸਟ ਵਿੱਚ ਬਾਰ੍ਹਵੀਂ ਮੈਡੀਕਲ ਵਿੱਚ ਦਿਆ ਨਾਰੰਗ, ਕਾਮਰਸ ਵਿੱਚ ਅਪਰਨਾ ਐਰੀ, ਆਰਟਸ ਵਿੱਚ ਹੀਮਾਨਸ਼ੀ, ਨਾਨ ਮੈਡੀਕਲ ਵਿੱਚ ਸਿਮਰਨਜੀਤ ਸਿੰਘ ਅਤੇ ਦਸਵੀਂ ਜਮਾਤ ਵਿੱਚ ਸਿਮਰਤਪ੍ਰੀਤ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 

ਸੰਸਥਾ ਦੇ ਸਕੱਤਰ ਰਾਕੇਸ਼ ਕੁਮਾਰ, ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੀ ਧਰਤੀ ਨਾਲ ਜੁੜੇ ਆਈਏਐੱਸ ਫ਼ੌਜੀ ਅਫਸਰ ਤੇ ਆਈਪੀਐੱਸ ਅਧਿਕਾਰੀ ਸਮਾਰੋਹ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਤੋਂ ਇਲਾਵਾ ਉਨ੍ਹਾਂ ਨੂੰ ਕੈਰੀਅਰ ਗਾਈਡੈਂਸ ਬਾਰੇ ਵੀ ਜਾਣੂ ਕਰਾਉਣਗੇ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦਾਂ ਦੇ ਸ਼ਹਿਰ ਦੇ ਵਿਦਿਆਰਥੀ ਸਿੱਖਿਆ, ਖੇਡਾਂ ਤੇ ਸਮਾਜਿਕ ਖੇਤਰ ਵਿੱਚ ਅੱਗੇ ਵਧਣ ਇਸ ਲਈ ਉਨ੍ਹਾਂ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਫਾਊਂਡੇਸ਼ਨ ਦਾ ਗਠਨ ਮਯੰਕ ਦੀਆਂ ਯਾਦਾਂ ਨੂੰ ਸਾਰਿਆਂ ਦੇ ਦਿਲਾਂ ਵਿੱਚ ਵਸਾ ਕੇ ਰੱਖਣ ਦੇ ਮਨੋਰਥ ਨਾਲ ਕੀਤਾ ਗਿਆ ਸੀ। 

ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਐਨਜੀਓ ਨਹੀਂ, ਬਲਕਿ ਇੱਕ ਅਹਿਸਾਸ ਹੈ, ਜੋ ਮਨੁੱਖਤਾ ਅਤੇ ਸਮਾਜ ਵਿੱਚ ਸਿੱਖਿਆ ਅਤੇ ਖੇਡਾਂ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ ਕੰਮ ਕਰੇਗੀ। ਇਸ ਮੌਕੇ ਤੇ ਕਮਲ ਸ਼ਰਮਾ, ਪ੍ਰਿੰਸੀਪਲ ਰਾਜੇਸ਼ ਮਹਿਤਾ, ਸੰਜੀਵ ਟੰਡਨ, ਅਰਨੀਸ਼ ਮੋਗਾ, ਮੁਨੀਸ਼ ਪੁੰਜ, ਡਾਕਟਰ ਤਨਜੀਤ ਬੇਦੀ, ਐਵਨ ਭੱਲਾ, ਐਡਵੋਕੇਟ ਰਨਵੀਕ ਮਹਿਤਾ, ਮਨੋਜ ਗੁਪਤਾ, ਦੀਪਕ ਨਰੂਲਾ, ਦੀਪਕ ਨੰਦਾ, ਸੰਦੀਪ ਸਹਿਗਲ, ਯੋਗੇਸ਼ ਤਲਵਾੜ, ਅਮਿਤ ਆਨੰਦ, ਗੁਰਪ੍ਰੀਤ ਭੁੱਲਰ, ਜਤਿੰਦਰ ਸੰਧਾ, ਵਿਪੁਲ ਨਾਰੰਗ ਆਦਿ ਮੌਜੂਦ ਸਨ।