ਸੰਨੀ ਦਿਓਲ ਦੇ ਦਰਸ਼ਨਾਂ ਨੂੰ ਤਰਸਣ ਲੱਗੇ ਗੁਰਦਾਸਪੁਰੀਏ !!!

Last Updated: Jun 08 2019 14:18
Reading time: 2 mins, 26 secs

ਲੋਕ-ਸਭਾ ਦੀਆਂ 2019 ਵਿਚਲੀਆਂ ਚੋਣਾ ਦੌਰਾਨ ਪਹਿਲੀ ਵਾਰ ਆਪਣੀ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਬਾਲੀਵੁੱਡ ਸਟਾਰ ਸੰਨੀ ਦਿਓਲ ਜਿਸ ਨੂੰ ਬੜੇ ਹੀ ਉਤਸ਼ਾਹ ਨਾਲ ਗੁਰਦਾਸਪੁਰ ਲੋਕ-ਸਭਾ ਹਲਕੇ ਦੇ ਲੋਕਾਂ ਨੇ ਜਿਤਾ ਕੇ ਸੰਸਦ ਵਿੱਚ ਭੇਜਿਆ ਹੈ ਹੁਣ ਆਪਣੇ ਸੰਸਦ ਮੈਂਬਰ ਦੇ ਦਰਸ਼ਨਾਂ ਲਈ ਤਰਸਣ ਲੱਗੇ ਹਨ। ਜਿਕਰਯੋਗ ਹੈ ਕਿ ਮਈ 2019 ਵਿੱਚ ਹੋਈਆਂ ਲੋਕ-ਸਭਾ ਚੋਣਾ ਦੌਰਾਨ ਭਾਜਪਾ ਨੇ ਗੁਰਦਾਸਪੁਰ ਹਲਕੇ ਤੋਂ ਸੰਨੀ ਦਿਓਲ ਨੂੰ ਚੋਣ ਮੈਦਾਨ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਤਤਕਾਲੀ ਸੰਸਦ ਮੈਂਬਰ ਸੁਨੀਲ ਜਾਖੜ ਦੇ ਮੁਕਾਬਲੇ ਵਿੱਚ ਉਤਾਰਿਆ ਸੀ ਜਿਸ ਤੋਂ ਬਾਅਦ ਜਿੱਥੇ ਇਹ ਚਰਚਾਵਾਂ ਚਲਦੀਆਂ ਰਹੀਆਂ ਸਨ ਕਿ ਇਹ ਮੁਕਾਬਲਾ ਕਾਫ਼ੀ  ਸਖ਼ਤ ਹੋਣ ਵਾਲਾ ਹੈ ਕਿਉਂਕਿ ਕਾਂਗਰਸ ਪੰਜਾਬ ਵਿੱਚ ਸੱਤਾ ਵਿੱਚ ਹੈ ਤੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਦੀ ਇਹ ਚੋਣ ਹੈ।

 ਓਧਰ ਦੂਜੇ ਪਾਸੇ ਚੋਣਾ ਤੋਂ ਮਹਿਜ਼ 20-25 ਦਿਨ ਪਹਿਲਾਂ ਹੀ ਆਪਣਾ ਪ੍ਰਚਾਰ ਸ਼ੁਰੂ ਕਰਨ ਤੇ ਚੋਣ ਮੈਦਾਨ ਵਿੱਚ ਉੱਤਰਨ ਵਾਲੇ ਸੰਨੀ ਦਿਓਲ ਵੱਲੋਂ ਆਪਣੇ ਹਲਕੇ ਦੇ ਲੋਕਾਂ ਵਿੱਚ ਪ੍ਰਚਾਰ ਦੌਰਾਨ ਭਾਵੇਂ ਕਿ ਕਿਸੇ ਵੀ ਕਿਸਮ ਦੀ ਨਕਾਰਾਤਮਿਕ ਰਾਜਨੀਤੀ ਨਹੀਂ ਸੀ ਕੀਤੀ ਗਈ ਤੇ ਨਾ ਹੀ ਕੋਈ ਆਪਣੇ ਵਿਰੋਧੀ ਉਮੀਦਵਾਰਾਂ ਦੇ ਖ਼ਿਲਾਫ਼ ਹੀ ਬਿਆਨਬਾਜ਼ੀ ਕੀਤੀ ਗਈ ਸੀ ਜਿਸ ਕਰਕੇ ਵੀ ਲੋਕ ਉਸ ਪ੍ਰਤੀ ਆਕਰਸ਼ਕ ਹੁੰਦੇ ਗਏ ਸਨ। ਸੰਨੀ ਦਿਓਲ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਚੋਣ ਜਿੱਤਣ ਤੋਂ ਬਾਅਦ ਜ਼ਿਆਦਾ ਸਮਾ ਗੁਰਦਾਸਪੁਰ ਵਿੱਚ ਹੀ ਬਿਤਾਉਣਗੇ ਤੇ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ  ਪਰ 23 ਮਈ ਨੂੰ ਚੋਣਾ ਦਾ ਨਤੀਜਾ ਨਿਕਲਣ ਤੋਂ ਬਾਅਦ ਜਦੋਂ ਸੰਨੀ ਦਿਓਲ ਜਿੱਤ ਦਰਜ਼ ਕਰਵਾਉਣ ਵਿੱਚ ਕਾਮਯਾਬ ਹੋ ਗਏ ਸਨ ਉਸ ਦਿਨ ਤੋਂ ਬਾਅਦ ਅਜੇ ਤੱਕ ਆਪਣੇ  ਸੰਸਦੀ ਖੇਤਰ ਵਿੱਚ ਕਿਤੇ ਨਜ਼ਰ ਨਹੀਂ ਆਏ। ਭਾਵੇਂ ਕਿ ਹੁਣ ਕੇਂਦਰ ਵਿੱਚ ਮੁੜ ਭਾਜਪਾ ਦੀ ਅਗਵਾਈ ਵੀ ਸਰਕਾਰ ਮੋਦੀ ਦੀ ਸਰਕਾਰ ਬਣ ਚੁੱਕੀ ਹੈ ਤੇ ਨਵੀਂ ਬਣੀ ਸਰਕਾਰ ਨੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਅਜਿਹੇ ਵਿੱਚ ਗੁਰਦਾਸਪੁਰੀਆਂ ਨੂੰ ਬਹੁਤ ਜ਼ਿਆਦਾ ਆਸਾਂ ਹਨ ਕਿ ਸੰਨੀ ਦਿਓਲ ਆਪਣੇ ਹਲਕੇ ਵਿੱਚ ਆਉਣ ਤੇ ਕੇਂਦਰ ਸਰਕਾਰ ਵੱਲੋਂ ਇਸ ਹਲਕੇ ਲਈ ਕੋਈ ਵੱਡਾ ਪ੍ਰੋਜੈਕਟ ਲਿਆਉਣ ਤਾਂ ਜੋ ਇੱਥੋਂ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੂਰ ਹੋ ਸਕੇ ਤੇ ਹੋਰ ਲੋਕਾਂ ਦਾ ਵੀ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਸੰਸਦ ਮੈਂਬਰ ਬਣ ਚੁੱਕੇ ਸੰਨੀ ਦਿਓਲ ਹੁਣ ਆਪਣੇ ਹਲਕੇ ਵਿੱਚ ਆਉਣਗੇ ਤਾਂ। ਹੁਣ ਜਦਕਿ ਚੋਣਾ ਦੇ ਨਤੀਜਿਆਂ ਨੂੰ ਆਏ ਨੂੰ ਵੀ 15 ਦਿਨ ਹੋ ਚੁੱਕੇ ਹਨ ਤਾਂ ਅਜਿਹੇ ਵਿੱਚ ਇੱਕ ਵਾਰ ਵੀ ਸੰਨੀ ਦਿਓਲ ਦਾ ਗੁਰਦਾਸਪੁਰੀਆਂ ਨੂੰ ਨਾ ਮਿਲਣਾ ਵੀ ਆਪਣੇ ਆਪ ਵਿੱਚ ਸਾਵਲ ਖੜੇ ਕਰਦਾ ਪਿਆ ਹੈ ਤੇ ਲੋਕ ਸੋਸ਼ਲ ਮੀਡੀਆ ਰਾਹੀ ਸੰਨੀ ਦਿਓਲ ਦੀ ਗ਼ੈਰਹਾਜ਼ਰੀ ਤੇ ਕਈ ਤਰਾਂ ਤੰਜ ਕੱਸਦੇ ਦਿਖਾਈ ਦੇ ਰਹੇ ਹਨ। 

ਕਈਆਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੂੰ ਜਿਤਾਉਣਾ ਗੁਰਦਾਸਪੁਰੀਆਂ ਦੀ ਵੱਡੀ ਭੁੱਲ ਹੈ ਕਿਉਂਕਿ ਉਹ ਬਾਲੀਵੁੱਡ ਦਾ ਵੱਡਾ ਅਤੇ ਨਾਮਵਰ ਅਦਾਕਾਰ ਹੈ ਜਿਸ ਜੋ ਸ਼ਾਇਦ ਉਨ੍ਹਾਂ ਸਮਾ ਹਲਕੇ ਵਿੱਚ ਨਹੀਂ ਦੇ ਸਕੇਗਾ ਜਿੰਨਾ ਇੱਕ ਸਿਆਸੀ ਸਮਝ ਰੱਖਣ ਵਾਲੇ ਸਿਆਸਤਦਾਨ ਦੇ ਸਕਦੇ ਹਨ। ਅਜਿਹੇ ਵਿੱਚ ਹੁਣ ਵੇਖਣਾ ਇਹ ਹੈ ਕਿ ਸੰਨੀ ਦਿਓਲ ਜੋ ਕਿ ਪਹਿਲੀ ਵਾਰ ਹੀ ਚੋਣ ਮੈਦਾਨ ਵਿੱਚ ਆਏ ਸਨ ਤੇ ਜਿੱਤ ਦਰਜ਼ ਕਰਵਾਉਣ ਵਿੱਚ ਕਾਮਯਾਬ ਵੀ ਹੋ ਗਏ ਸਨ ਵੱਲੋਂ ਆਪਣੇ ਹਲਕੇ ਦੇ ਲੋਕਾਂ ਲਈ  ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੀ ਪਹਿਲਕਦਮੀ ਕੀਤੀਆਂ ਜਾਂਦੀਆਂ ਹਨ।