ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਦਾ ਬੁਰਾ ਹਾਲ, ਬਾਰ-ਬਾਰ 108 ਤੇ ਕਾਲ ਕਰਨ ਤੇ ਵੀ ਨਾ ਆਈ ਐਂਬੂਲੈਂਸ

Last Updated: Jun 07 2019 13:49
Reading time: 0 mins, 45 secs

5 ਜੂਨ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਸਿਹਤਮੰਦ ਪੰਜਾਬ ਦੇ ਇੱਕ ਸਾਲ ਪੂਰੇ ਹੋਣ ਤੇ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ਦੇ ਦਾਅਵੇ ਤਾਂ ਵੱਡੇ-ਵੱਡੇ ਕਰ ਦਿੱਤੇ ਪਰ ਇਹਨਾਂ ਦਾਅਵਿਆਂ ਦੀ ਫ਼ੂਕ ਕੱਲ੍ਹ ਬਠਿੰਡਾ ਦੇ ਸਿਵਲ ਹਸਪਤਾਲ 'ਚ ਨਿਕਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਨਿਵਾਸੀ ਰੂਬੀ ਅਤੇ ਉਸਦਾ 4 ਸਾਲ ਦਾ ਬੇਟਾ ਸਿਹਤ ਖ਼ਰਾਬ ਹੋਣ ਕਰਕੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਵੁਮੈਨ ਅਤੇ ਚਿਲਡਰਨ ਵਿਭਾਗ ਵਿੱਚ ਦਾਖਿਲ ਕਰਵਾਇਆ ਗਿਆ। ਇਲਾਜ ਦੌਰਾਨ ਪਤਾ ਲੱਗਾ ਕਿ ਰੂਬੀ ਦੇ ਪਲੇਟਲੈਟ ਸੈੱਲ ਘੱਟ ਗਏ ਹਨ ਜਿਸ ਕਰਕੇ ਉਸ ਦੀ ਹਾਲਤ ਗੰਭੀਰ ਹੋ ਗਈ।

ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਦੀ ਸਹੂਲਤ ਨਾ ਹੋਣ ਕਰਕੇ ਰੂਬੀ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਰੈਫ਼ਰ ਕਰ ਦਿੱਤਾ ਗਿਆ। ਪਹਿਲਾਂ ਤੋਂ ਗੰਭੀਰ ਹਾਲਤ ਵਿੱਚ ਹੋਣ ਕਰਕੇ ਰੂਬੀ ਦੀ ਹਾਲਤ ਉਸ ਵੇਲੇ ਹੋਰ ਗੰਭੀਰ ਹੋ ਗਈ ਜਦੋਂ ਬਾਰ-ਬਾਰ 108 ਤੇ ਫ਼ੋਨ ਕਰਨ ਦੇ ਬਾਵਜੂਦ ਵੀ ਐਂਬੂਲੈਂਸ ਨਹੀਂ ਪਹੁੰਚੀ। 4 ਘੰਟੇ ਤੜਫਣ ਤੋਂ ਬਾਅਦ ਬਠਿੰਡਾ ਦੇ ਨਾਲ ਦੇ ਕਸਬੇ ਗੋਨਿਆਣਾ ਮੰਡੀ ਤੋਂ ਐਂਬੂਲੈਂਸ ਬੁਲਵਾ ਕੇ ਰੂਬੀ ਨੂੰ ਫ਼ਰੀਦਕੋਟ ਲੈ ਕੇ ਜਾਇਆ ਗਿਆ।