ਬਚਪਨ ਕੋਲੋਂ ਅਲਬੇਲੀਆਂ ਖੇਡਾਂ ਖੋਹ ਲਈਆਂ ਨੇ ਚੰਦਰੇ ਮੋਬਾਈਲ ਫੋਨਾਂ ਨੇ...

Last Updated: Jun 07 2019 12:39
Reading time: 1 min, 49 secs

ਮੌਜੂਦਾ ਸਮੇਂ ਹੋਰਨਾਂ ਕਈ ਖੇਤਰਾਂ ਵਾਂਗ ਸੰਚਾਰ ਦੇ ਸਾਧਨਾ ਦੇ ਮਾਮਲੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਅਤੇ ਚਿੱਠੀਆਂ-ਪੱਤਰਾਂ ਦੇ ਜ਼ਰੀਏ ਇੱਕ-ਦੂਜੇ ਨੂੰ ਸੰਦੇਸ਼ ਭੇਜਣ ਦਾ ਦੌਰ ਹੁਣ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ। ਆਧੁਨਿਕ ਸਾਇੰਸ ਦੇ ਯੁੱਗ ਵਿੱਚ ਤੇਜ਼ ਰਫ਼ਤਾਰ ਆਵਾਜਾਈ ਦੇ ਸਾਧਨਾ ਦੀ ਤਰ੍ਹਾਂ ਆਧੁਨਿਕ ਸੰਚਾਰ ਪ੍ਰਣਾਲੀ ਨੇ ਵੀ ਪੂਰੀ ਦੁਨੀਆ ਦੇ ਲੋਕਾਂ ਵਿੱਚ ਨਜ਼ਦੀਕੀਆਂ ਵਧਾ ਦਿੱਤੀਆਂ ਹਨ। ਆਧੁਨਿਕ ਯੁੱਗ ਦੇ ਸਮਾਰਟ ਫੋਨਾਂ ਅਤੇ ਹਾਈ ਸਪੀਡ ਇੰਟਰਨੈਟ ਪ੍ਰਣਾਲੀ ਨੇ ਇਸ ਵਿਸ਼ਾਲ ਸੰਸਾਰ ਨੂੰ ਬਿਲਕੁਲ ਛੋਟਾ ਬਣਾ ਦਿੱਤਾ ਹੈ, ਜਿਨ੍ਹਾਂ ਦੀ ਵਰਤੋਂ ਨਾਲ ਜਿੱਥੇ ਅੱਜ ਅਸੀਂ ਘਰ ਬੈਠਿਆਂ ਹੀ ਪੂਰੀ ਦੁਨੀਆ ਦੀ ਹਰੇਕ ਪ੍ਰਕਾਰ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਾਂ, ਉੱਥੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਆਪਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰ ਸਕਦੇ ਹਾਂ। ਵਰਤਮਾਨ ਸਮੇਂ ਪੂਰੀ ਦੁਨੀਆ ਦੇ ਲੋਕਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਕਰੋੜਾਂ ਲੋਕ ਸਮਾਰਟ ਫੋਨਾਂ ਅਤੇ ਇੰਟਰਨੈਟ ਦੀ ਵਰਤੋਂ ਕਰ ਰਹੇ ਹਨ।

ਇਹਨਾਂ ਸਮਾਰਟ ਫੋਨਾਂ ਅਤੇ ਇੰਟਰਨੈਟ ਪ੍ਰਣਾਲੀ ਦੇ ਅਨੇਕਾਂ ਫ਼ਾਇਦਿਆਂ ਦੇ ਨਾਲ-ਨਾਲ ਕੁਝ ਨੁਕਸਾਨ ਵੀ ਹਨ, ਜੋ ਸਾਡੀ ਆਧੁਨਿਕ ਪੀੜ੍ਹੀ ਦੇ ਰਹਿਣ-ਸਹਿਣ ਅਤੇ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੇ ਹਨ। ਅੱਜ ਸਾਡੇ ਦੇਸ਼ ਦੇ ਲਗਭਗ ਹਰੇਕ ਘਰ ਵਿੱਚ ਇੱਕ ਜਾਂ ਇਸ ਤੋਂ ਵਧੇਰੇ ਮੋਬਾਈਲ ਫ਼ੋਨ ਮੌਜੂਦ ਹਨ ਅਤੇ ਵਰਤਮਾਨ ਸਮੇਂ ਜ਼ਿਆਦਾਤਰ ਲੋਕ ਇਹਨਾਂ ਸਮਾਰਟ ਫੋਨਾਂ ਵਿੱਚ ਹੀ ਰੁਝੇ ਰਹਿੰਦੇ ਹਨ। ਇਹਨਾਂ ਸਮਾਰਟ ਫੋਨਾਂ ਦਾ ਸਭ ਤੋਂ ਜ਼ਿਆਦਾ ਮਾੜਾ ਪ੍ਰਭਾਵ ਸਾਡੇ ਛੋਟੇ ਬੱਚਿਆਂ 'ਤੇ ਪੈ ਰਿਹਾ ਹੈ, ਜੋ ਪੁਰਾਣੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਾਡੀਆਂ ਦੇਸੀ ਖੇਡਾਂ ਖੇਡਣਾ ਭੁੱਲ ਕੇ ਹਰ ਵੇਲੇ ਮੋਬਾਈਲ ਫੋਨਾਂ 'ਤੇ ਵੀਡੀਓ ਗੇਮਾਂ ਖੇਡਣ ਵਿੱਚ ਰੁੱਝੇ ਰਹਿੰਦੇ ਹਨ। ਅਜੋਕੇ ਯੁੱਗ ਦੇ ਨਾਬਾਲਗ ਬੱਚੇ ਪਹਿਲੇ ਬੱਚਿਆਂ ਦੀ ਤਰ੍ਹਾਂ ਆਪਣੇ ਗਲੀ-ਮੁਹੱਲਿਆਂ ਵਿੱਚ ਹੱਸਣ-ਕੁੱਦਣ ਅਤੇ ਪਿੱਠੂ ਗਰਮ, ਕੋਕਲਾ ਛਪਾਕੀ, ਗੁੱਲੀ-ਡੰਡਾ, ਘੋੜੀ-ਛੜੱਪਾ, ਖੋ-ਖੋ, ਸਟਾਪੂ ਅਤੇ ਬਾਂਦਰ ਕਿੱਲਾ ਵਰਗੀਆਂ ਅਨੇਕਾਂ ਤਰ੍ਹਾਂ ਦੀਆਂ ਦੇਸੀ ਖੇਡਣ ਅਤੇ ਖੇਡ ਮੈਦਾਨਾਂ ਹਾਕੀ, ਫੁੱਟਬਾਲ ਵਰਗੀਆਂ ਸਰੀਰਕ ਵਿਕਾਸ ਵਾਲੀਆਂ ਖੇਡਾਂ ਖੇਡਣ ਦੀ ਬਜਾਏ ਮੋਬਾਈਲ ਫੋਨਾਂ ਨਾਲ ਚਿੰਬੜੇ ਰਹਿੰਦੇ ਹਨ। ਮੋਬਾਈਲ ਫੋਨਾਂ ਨੇ ਜਿੱਥੇ ਸਾਡੇ ਬੱਚਿਆਂ ਕੋਲੋਂ ਬਚਪਨ ਦੀਆਂ ਅਲਬੇਲੀਆਂ ਖੇਡਾਂ ਖੇਡਣ ਵਾਲਾ ਵਿਲੱਖਣ ਆਨੰਦ ਖੋਹ ਲਿਆ ਹੈ, ਉੱਥੇ ਇਹਨਾਂ ਮੋਬਾਈਲ ਫੋਨਾਂ ਦੀ ਵਜ੍ਹਾ ਕਰਕੇ ਅਜੋਕੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਸ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।