1 ਕਰੋੜ 20 ਲੱਖ ਦੀ ਹੈਰੋਇਨ ਬਰਾਮਦ, ਇੱਕ ਔਰਤ ਤੇ ਪੁਰਸ਼ ਕਾਬੂ !

Last Updated: Jun 06 2019 14:06
Reading time: 1 min, 36 secs

ਫਾਜ਼ਿਲਕਾ ਪੁਲਿਸ ਨੇ ਇੱਕ ਔਰਤ ਅਤੇ ਉਸਦੇ ਸਾਥੀ ਪੁਰਸ਼ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਪਾਸੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜੇਕਰ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 6 ਕਰੋੜ ਰੁਪਏ ਕਿੱਲੋ ਹੈ ਤੇ ਉਸਦੇ ਮੁਤਾਬਿਕ ਇਸਦਾ ਮੁੱਲ ਅੰਕਿਆ ਜਾਵੇ ਤਾਂ ਇਹ 1 ਕਰੋੜ 20 ਲੱਖ ਰੁਪਏ ਦੀ ਬਣਦੀ ਹੈ। ਪੁਲਿਸ ਨੇ ਇਸ ਮਾਮਲੇ 'ਚ ਮੁਕੱਦਮਾ ਦਰਜ ਕਰਕੇ ਕਾਰਵਾਈ ਅਰੰਭੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਫਾਜ਼ਿਲਕਾ ਨੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਦੇ ਬਿਆਨਾਂ 'ਤੇ ਸੰਨੀ ਪੁੱਤਰ ਕਾਲਾ ਸਿੰਘ ਵਾਸੀ ਧਰਮ ਨਗਰੀ ਗਾਲੀ ਨੰਬਰ 9-10 ਅਬੋਹਰ ਅਤੇ ਹੀਨਾ ਰਾਣੀ ਪਤਨੀ ਸੰਨੀ ਵਰਮਾ ਵਾਸੀ ਸੱਚੀ ਦਾਵੀ ਗਲੀ ਨੰਬਰ 5 ਨੇੜੇ ਪੁਰਾਣਾ ਸੱਚਾ ਸੋਦਾ ਡੇਰਾ ਸਿਰਸਾ ਹਰਿਆਣਾ ਖ਼ਿਲਾਫ਼ ਅਧੀਨ ਧਾਰਾ 21/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤਾ ਹੈ।

ਇਸ ਬਾਰੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਅਨੁਸਾਰ ਪੁਲਿਸ ਨੇ ਫਾਜ਼ਿਲਕਾ ਦੇ ਐਮ.ਆਰ ਕਾਲਜ ਨੇੜੇ ਨਾਕਾ ਲਗਾਇਆ ਹੋਇਆ ਸੀ ਅਤੇ ਜਦ ਉਕਤ ਦੋਵੇਂ ਜਣੇ ਮੋਟਰਸਾਈਕਲ 'ਤੇ ਨਾਕੇ ਕੋਲ ਪਹੁੰਚੇ ਤਾਂ ਇਨ੍ਹਾਂ ਨੇ ਮੋਟਰਸਾਈਕਲ ਨੂੰ ਤੇਜ਼ੀ ਨਾਲ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਲਿਪ ਹੋ ਗਿਆ ਅਤੇ ਦੋਵੇਂ ਸੜਕ ਤੇ ਡਿੱਗ ਗਏ, ਇਸ ਦੌਰਾਨ ਇਨ੍ਹਾਂ ਨੇ ਇੱਕ ਲਿਫ਼ਾਫ਼ਾ ਸੜਕ 'ਤੇ ਹੀ ਸੂਟ ਦਿੱਤਾ। ਜਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਿਫਾਫੇ 'ਚੋਂ ਖਿੱਲਰੇ ਸਾਮਾਨ ਨੂੰ ਵੇਖਿਆ ਤਾਂ ਉਹ ਹੈਰੋਇਨ ਸੀ, ਜਿਸਦਾ ਵੱਜਣ ਕਰਨ 'ਤੇ ਉਸਦਾ ਵੱਜਣ 200 ਗ੍ਰਾਮ ਹੋਇਆ।

ਥਾਣੇਦਾਰ ਅਨੁਸਾਰ ਜਦ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਸੰਨੀ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਨਾਜਾਇਜ਼ ਸ਼ਰਾਬ ਦੀ ਤਸਕਰੀ, ਨਸ਼ੀਲੀ ਗੋਲੀਆਂ ਵੇਚਣ ਦੇ ਦਰਜ ਪਾਏ ਗਏ ਜਦਕਿ ਹੀਨਾ ਖ਼ਿਲਾਫ਼ ਫਿਲਹਾਲ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਹੋਣ ਦੀ ਸੂਚਨਾ ਨਹੀਂ ਮਿਲੀ ਹੈ ਜਿਸਦੇ ਬਾਰੇ ਸਿਰਸਾ ਪੁਲਿਸ ਤੋਂ ਜਾਣਕਾਰੀ ਇਕੱਤਰ ਕੀਤੀ ਜਾਵੇਗੀ।

ਥਾਣੇਦਾਰ ਅਨੁਸਾਰ ਸੰਨੀ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਪਹਿਲਾਂ ਵੀ ਹੈਰੋਇਨ ਲਿਆ ਕੇ 5-5 ਗ੍ਰਾਮ ਹੈਰੋਇਨ ਲੈਣ ਵਾਲੇ ਗ੍ਰਾਹਕਾਂ ਨੂੰ ਹੈਰੋਇਨ ਪਹੁੰਚਾਉਂਦਾ ਸੀ। ਹੀਨਾ ਇਸਦੇ ਨਾਲ ਪਹਿਲਾਂ ਤੋਂ ਹੀ ਕੰਮ ਕਰਦੀ ਹੈ ਜਾਂ ਨਹੀਂ? ਅਤੇ ਕੀ ਉਹ ਹਰਿਆਣਾ 'ਚ ਹੈਰੋਇਨ ਸਪਲਾਈ ਕਰਦੀ ਹੈ? ਕਿਵੇਂ ਉਸਦਾ ਸੰਨੀ ਨਾਲ ਮੇਲ ਹੋਇਆ? ਬਾਰੇ ਜਾਣਕਾਰੀ ਪੁੱਛਗਿੱਛ 'ਚ ਸਾਹਮਣੇ ਆਵੇਗੀ ਫਿਲਹਾਲ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਰੰਭੀ ਹੈ।