ਦਮਦਮੀ ਟਕਸਾਲ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੌਮੀ ਸ਼ਹੀਦ ਐਲਾਨਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ

Last Updated: Jun 06 2019 14:01
Reading time: 1 min, 1 sec

ਜੂਨ 1984 ਵਿੱਚ ਭਾਰਤੀ ਫ਼ੌਜ ਵੱਲੋਂ ਸਮੇਂ ਦੀ ਤਤਕਾਲੀਨ ਹਕੂਮਤ ਦੇ ਹੁਕਮਾਂ ਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਪੰਥ ਦੇ ਕੌਮੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਗਏ ਹਮਲੇ ਮੌਕੇ ਹੋਏ ਆਪ੍ਰੇਸ਼ਨ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਦਮਦਮੀ ਟਕਸਾਲ ਦੇ ਤਤਕਾਲੀਨ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਹੋਰ ਸਿੰਘਾ ਸਿੰਘਣੀਆਂ ਦੀ ਯਾਦ ਵਿੱਚ ਅੱਜ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸੰਗਤਾਂ ਦੀ ਹਾਜ਼ਰੀ ਵਿੱਚ ਮੁਖੀ ਦਮਦਮੀ ਟਕਸਾਲ ਸੰਤ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮੀ ਸ਼ਹੀਦ ਐਲਾਨਣ ਦੀ ਅਪੀਲ ਕੀਤੀ ਗਈ ਜਿਸ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪ੍ਰਵਾਨਗੀ ਵੀ ਦਿੱਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਮਦਮੀ ਟਕਸਾਲ ਦੇ ਇਸ ਮਤੇ ਦੀ ਪ੍ਰੋੜਤਾ ਕੀਤੀ ਗਈ ਜਿਸ ਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਪ੍ਰਵਾਨਗੀ ਦਿੱਤੀ।

ਸਿੰਘ ਸਾਹਿਬ ਨੇ ਕਿਹਾ ਕਿ ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ ਤੇ ਅਜਿਹਾ ਹੋਵੇਗਾ ਵੀ ਪਰ ਇਸ ਸਾਰੇ ਕੰਮ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਜਿਸ ਕਰਕੇ ਜਲਦੀ ਹੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਇਸ ਬਾਰੇ ਵਿਚਾਰਿਆ ਜਾਵੇਗਾ ਤੇ ਕੌਮ ਦੇ ਮਹਾਨ ਸ਼ਹੀਦਾਂ ਦਾ ਮਾਣ ਸਤਿਕਾਰ ਕੀਤਾ ਜਾਵੇਗਾ।