ਲੱਗਦੈ, ਬੰਬ ਬ੍ਰਾਮਦ ਹੋਣ ਤੇ ਅੱਤਵਾਦੀਆਂ ਦੀਆਂ ਗ੍ਰਿਫ਼ਤਾਰੀਆਂ ਦਾ ਵੀ ਕੋਈ ਮੌਸਮ ਹੀ ਹੁੰਦਾ ਹੋਵੇਗਾ!! (ਵਿਅੰਗ)

Last Updated: Jun 05 2019 18:24
Reading time: 1 min, 57 secs

ਲੱਗਦੈ ਅੱਤਵਾਦੀ ਅਤੇ ਬੰਬ ਬ੍ਰਾਮਦ ਹੋਣ ਦਾ ਕੋਈ ਮੌਸਮ ਤੇ ਸਮਾਂ ਹੀ ਹੁੰਦਾ ਹੋਵੇਗਾ, ਵਰਨਾ ਸਾਡੇ ਖ਼ੁਫ਼ੀਆ ਤੇ ਸੁਰੱਖ਼ਿਆ ਤੰਤਰ ਨੂੰ ਇਹ ਕੇਵਲ ਅਹਿਮ ਦਿਨ ਤਿਓਹਾਰਾਂ ਵੇਲੇ ਹੀ ਨਾ ਲੱਭਦੇ। ਦੇਸ਼ ਦੇ ਹੋਰਨਾ ਸੂਬਿਆਂ ਦਾ ਤਾਂ ਪਤਾ ਨਹੀਂ ਪਰ ਪੰਜਾਬ ਤੇ ਇਹ ਵਿਅੰਗ ਬੜਾ ਢੁੱਕਦਾ ਹੈ। ਇਸ ਸਭ ਨੂੰ ਗਲਤ ਵੀ ਠਹਿਰਾਇਆ ਜਾ ਸਕਦਾ ਹੈ ਜੇਕਰ ਪਿਛਲੇ ਸਮੇਂ ਦੇ ਦੌਰਾਨ ਸੂਬੇ 'ਚੋਂ ਗ੍ਰਿਫ਼ਤਾਰ ਹੋਏ ਅੱਤਵਾਦੀਆਂ, ਫੱਟ ਚੁੱਕੇ ਤੇ ਬ੍ਰਾਮਦ ਹੋਏ ਬੰਬਾਂ ਤੇ ਗੋਲੀ ਸਿੱਕੇ ਸੰਬੰਧੀ ਪ੍ਰਕਾਸ਼ਿਤ ਖ਼ਬਰਾਂ ਦਿਨ ਤਿਓਹਾਰਾਂ ਦੇ ਨੇੜੇ ਤੇੜੇ ਦੀਆਂ ਤਰੀਕਾਂ ਵਿੱਚ ਨਾ ਛਪੀਆਂ ਹੰਦੀਆਂ ਤਾਂ। 

ਚੂੰਢਮਾਰਾਂ ਅਨੁਸਾਰ, ਸ਼ਾਇਦ ਹੀ ਕੋਈ ਦਿਵਾਲੀ, ਦੁਸ਼ਿਹਰਾ, ਨਵਾਂ ਸਾਲ, ਸਵਤੰਤਰਤਾ ਅਤੇ ਗਣਤੰਤਰਤਾ ਦਿਵਸ ਲੰਘਿਆ ਹੋਵੇਗਾ, ਜਦੋਂ ਇਹਨਾ ਦਿਨਾਂ ਦੇ ਨੇੜੇ ਅੱਤਵਾਦੀਆਂ ਦੀਆਂ ਗ੍ਰਿਫ਼ਤਾਰੀਆਂ ਜਾਂ ਗੋਲੀ ਸਿੱਕਾ ਬ੍ਰਾਮਦ ਨਾ ਹੋਇਆ ਹੋਵੇ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੇਸ਼ ਵਿੱਚ ਬੰਬ ਧਮਾਕੇ ਕਰ ਸਕਦੀ ਹੈ, ਵੀ.ਆਈ.ਪੀਜ਼ ਤੇ ਹਮਲੇ ਕਰ ਸਕਦੀ ਹੈ, ਇਹੋ ਜਿਹੀਆਂ ਸਾਰੀਆਂ ਇੰਨਪੁਟਸ ਆਉਣੀਆਂ ਵੀ ਅਕਸਰ ਇਹਨਾਂ ਦਿਨਾਂ ਵਿੱਚ ਹੀ ਵਧ ਜਾਂਦੀਆਂ ਹਨ। 

ਕੱਲ 6 ਜੂਨ ਹੈ, ਜਿਸਨੂੰ ਕਿ, ਦੇਸ਼ ਦੁਨੀਆ ਵਿੱਚ ਵੱਸਦੇ ਸਿੱਖ, ਕਾਲੇ ਦਿਨ ਦੇ ਤੌਰ ਤੇ ਮਣਾਉਂਦੇ ਹਨ। ਚੰਦ ਦਿਨ ਪਹਿਲਾਂ ਹੀ ਖ਼ੁਫ਼ੀਆ ਏਜੰਸੀਆਂ ਦਾ ਇੰਨਪੁਟ ਆਇਆ ਸੀ ਕਿ, ਪਾਕਿਸਤਾਨ ਆਪਣੀ ਖੁਫ਼ੀਆ ਏਜੰਸੀ ਨਾਲ ਪੰਜਾਬ ਵਿੱਚ ਖ਼ਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਤਿਆਰੀ ਵਿੱਚ ਹੈ। ਪੁਲਿਸ ਨੇ ਦੋ ਹੱਥਗੋਲੇ ਵੀ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਸੀ, ਪੁਲਿਸ ਦੀ ਕਹਾਣੀ ਅਨੁਸਾਰ ਦੋ ਨੌਜਵਾਨ ਬੰਬ ਸੁੱਟ ਕੇ ਫ਼ਰਾਰ ਹੋ ਗਏ ਸਨ। ਚੂੰਢੀਮਾਰਾਂ ਅਨੁਸਾਰ, ਉਹ ਨੌਜਵਾਨ ਕੌਣ ਸਨ, ਭਾਵੇਂਕਿ ਇਹ ਤਾਂ ਪੁਲਿਸ ਨੂੰ ਪਤਾ ਨਹੀਂ ਲੱਗਾ ਪਰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ, ਇਹ ਬੰਬ ਪਾਕਿਸਤਾਨ 'ਚ ਬੈਠੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਹਰਪ੍ਰੀਤ ਸਿੰਘ ਹੈਪੀ ਉਰਫ਼ ਹੈਪੀ ਪੀ.ਐੱਚ.ਡੀ. ਨੇ ਭੇਜੇ ਸਨ। 

ਦੋਸਤੋਂ, ਕੱਲ 6 ਜੂਨ ਵੀ ਆ ਰਿਹਾ ਹੈ, ਜੇਕਰ ਸਰਕਾਰ ਨੇ ਚਾਹਿਆ ਤਾਂ ਸ਼ਾਇਦ ਸੁਖੀ ਸਾਂਦੀ ਲੰਘ ਵੀ ਜਾਵੇਗਾ। ਚੂੰਢੀਮਾਰਾਂ ਅਨੁਸਾਰ, ਜੇਕਰ ਕੱਲ ਕੋਈ ਵਾਰਦਾਤ ਨਾ ਹੋਈ ਤਾਂ ਸਮਝੋ, ਫ਼ਿਰ ਖ਼ਤਰਾ ਦੋ ਕੁ ਮਹੀਨੇ ਲਈ ਤਾਂ ਟਲ ਹੀ ਜਾਵੇਗਾ। ਅੱਗੋਂ 15 ਅਗਸਤ ਤੁਰਿਆ ਆ ਰਿਹਾ ਹੈ, ਸ਼ਾਇਦ ਰਸਤੇ ਵਿੱਚ ਆਂਦਾ ਜਾਂਦਾ, ਕੋਈ ਅੱਤਵਾਦੀ ਜਾਂ ਬੰਬ ਪੁਲਿਸ ਦੇ ਹੱਥ ਲੱਗ ਹੀ ਜਾਵੇ। ਅਲੋਚਕ ਤੇ ਚੂੰਢੀਮਾਰ ਭਾਵੇਂ ਜੋ ਮਰਜ਼ੀ ਆਖ਼ੀ ਜਾਣ ਪਰ, ਨਿਊਜ਼ਨੰਬਰ ਦੇਸ਼ ਦੀਆਂ ਖੁਫ਼ੀਆ ਤੇ ਸੁਰੱਖ਼ਿਆ ਏਜੰਸੀਆਂ ਦੇ ਕੰਮ ਕਾਜ ਤੇ ਭੋਰਾ ਵੀ ਸ਼ੱਕ ਸ਼ੁਬਾ ਨਹੀਂ ਕਰਦਾ। ਅਸੀਂ ਤਾਂ ਕਹਿੰਦੇ ਹਾਂ ਕਿ, ਇਹਨਾਂ ਨੂੰ ਦੇਸ਼ ਦੇ ਹਿੱਤਾਂ ਨੂੰ ਮੂਹਰੇ ਰੱਖਕੇ ਹੋਰ ਵੀ ਮੁਸ਼ਤੈਦੀ ਨਾਲ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਦੇਸ਼ ਨੂੰ ਅੱਤਵਾਦ ਤੋਂ ਮੁਕਤ ਕੀਤਾ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।