ਵਿਸ਼ਵ ਵਾਤਾਵਰਨ ਦਿਵਸ ਮੌਕੇ 'ਦਵਾਈ ਦੇ ਨਾਲ ਕੁਦਰਤੀ ਦਵਾਈ' ਨਾਂਅ ਦੀ ਨਿਵੇਕਲੀ ਮੁਹਿੰਮ ਦਾ ਆਗਾਜ਼

Last Updated: Jun 05 2019 17:59
Reading time: 3 mins, 3 secs

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਪਿਛਲੇ ਸਾਲ ਵਿਸ਼ਵ ਵਾਤਾਵਰਨ ਦਿਵਸ ਮੌਕੇ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਪਹਿਲੀ ਵਰ੍ਹੇਗੰਢ ਮੌਕੇ ਸਥਾਨਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਸ਼ਾਨਦਾਰ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਜ਼ਿਲ੍ਹੇ ਵਿੱਚ 'ਦਵਾਈ ਦੇ ਨਾਲ ਕੁਦਰਤੀ ਦਵਾਈ' ਨਾਂਅ ਦੀ ਨਿਵੇਕਲੀ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਹਫ਼ਤੇ ਦੇ ਹਰੇਕ ਸੋਮਵਾਰ ਅਤੇ ਵੀਰਵਾਰ ਆਊਟਡੋਰ ਮਰੀਜ਼ਾਂ ਨੂੰ ਦਵਾਈ ਦੇ ਨਾਲ ਇਕ ਪੌਦਾ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਲੋਕ ਇੰਨੇ ਤੰਦਰੁਸਤ ਹੋ ਜਾਣ ਕਿ ਹਸਪਤਾਲਾਂ ਦੇ ਬੈੱਡ ਖਾਲੀ ਰਹਿਣ। ਉਨ੍ਹਾਂ ਕਿਹਾ ਕਿ ਸਿਹਤਮੰਦ ਪੰਜਾਬ ਸਿਰਜਣ ਲਈ ਕੁਦਰਤ ਨਾਲ ਨਾਤਾ ਜੋੜਨਾ ਬੇਹੱਦ ਜ਼ਰੂਰੀ ਹੈ ਅਤੇ ਇਹ ਕੰਮ ਸਾਨੂੰ ਸਾਲ ਦੇ ਸਾਰੇ 365 ਦਿਨ ਕਰਨਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਪਾਣੀ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਕਰਨ ਲਈ 'ਰੇਨ ਵਾਟਰ ਹਾਰਵੈਸਟਿੰਗ ਸਿਸਟਮ' ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਬਣਨ ਵਾਲੀਆਂ 500 ਗਜ਼ ਦੀਆਂ ਸਾਰੀਆਂ ਇਮਾਰਤਾਂ ਲਈ ਜਲਦ ਹੀ ਇਹ ਸਿਸਟਮ ਲਾਜ਼ਮੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਿਸਟਮ ਲਈ ਕੇਵਲ 30-35 ਹਜ਼ਾਰ ਦਾ ਖ਼ਰਚਾ ਆਉਂਦਾ ਹੈ। 

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਚੌਗਿਰਦਾ ਮੁਹੱਈਆ ਕਰਵਾਉਣਾ ਹੈ, ਜਿਸ ਤਹਿਤ ਉਨ੍ਹਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਸ਼ੁੱਧ ਹਵਾ ਤੇ ਪਾਣੀ, ਮਿਲਾਵਟ ਰਹਿਤ ਭੋਜਨ ਅਤੇ ਖੁਰਾਕੀ ਉਤਪਾਦ ਮੁਹੱਈਆ ਕਰਵਾਉਣੇ ਹਨ ਤਾਂ ਜੋ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਹਮੇਸ਼ਾ ਤੰਦਰੁਸਤ ਰਹੇ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਸਫਲਤਾ ਲਈ ਜਿੱਥੇ ਸਮੂਹ ਵਿਭਾਗਾਂ ਨੂੰ ਆਪਸੀ ਸਹਿਯੋਗ ਨਾਲ ਕੰਮ ਕਰਨ ਦੀ ਲੋੜ ਹੈ ਉੱਥੇ ਜ਼ਿਲ੍ਹਾ ਵਾਸੀਆਂ ਨੂੰ ਵੀ ਰਲ ਕੇ ਹੰਭਲਾ ਮਾਰਨ ਦੀ ਸਖਤ ਜ਼ਰੂਰਤ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਾਰੇ ਹਾਜ਼ਰੀਨ ਨੂੰ ਸਿਹਤਮੰਦ ਰਹਿਣ ਲਈ ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਸੈਰ ਕਰਨ ਦਾ ਪ੍ਰਣ ਵੀ ਦਿਵਾਇਆ। ਇਸ ਤੋਂ ਇਲਾਵਾ ਉਨ੍ਹਾਂ ਕਾਲਜ ਵਿਖੇ ਪੌਦੇ ਲਗਾਏ ਅਤੇ ਵਿਦਿਆਰਥੀਆਂ ਨੂੰ ਇਨਾਂ ਦੀ ਵੰਡ ਵੀ ਕੀਤੀ। ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਵੱਲੋਂ ਲਗਾਏ ਗਏ ਵਿਸ਼ਾਲ ਡਾਕਟਰੀ ਜਾਂਚ ਕੈਂਪ ਅਤੇ ਮੋਬਾਈਲ ਵੈਨ ਦਾ ਮੁਆਇਨਾ ਵੀ ਕੀਤਾ। 

ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਣ ਵਿਭਾਗ, ਖੇਤੀਬਾੜੀ ਵਿਭਾਗ ਅਤੇ ਹੋਰਨਾਂ ਵਿਭਾਗਾਂ ਵੱਲੋਂ ਚੌਗਿਰਦੇ ਦੀ ਸਾਂਭ-ਸੰਭਾਲ ਪ੍ਰਤੀ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਲਗਾਈਆਂ ਪ੍ਰਦਰਸ਼ਨੀਆਂ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ਵੱਲੋਂ ਦੱਸਿਆ ਗਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਵਾਸੀਆਂ ਨੂੰ ਮਿਲਾਵਟ ਰਹਿਤ ਭੋਜਨ ਅਤੇ ਖੁਰਾਕੀ ਉਤਪਾਦ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵੱਡੀ ਚੈਕਿੰਗ ਮੁਹਿੰਮ ਚਲਾਈ ਗਈ ਹੈ, ਜਿਸ ਦੇ ਉਸਾਰੂ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ 'ਵਾਇਸ ਆਫ ਸੋਲ' ਨਾਟਕ ਮੰਡਲੀ ਵੱਲੋਂ 'ਪਾਣੀ ਮੁਕਤ ਪੰਜਾਬ' ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਸਭਨਾਂ ਨੂੰ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵੱਲੋਂ ਵਾਤਾਵਰਨ ਵਿਸ਼ੇ 'ਤੇ ਸ਼ਾਨਦਾਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀਆਂ ਧਮਾਲਾਂ ਪਾਈਆਂ। ਮੰਚ ਸੰਚਾਲਨ ਪ੍ਰੋ. ਸਰਬਜੀਤ ਸਿੰਘ ਧੀਰ ਅਤੇ ਮੈਡਮ ਸੁਨੀਤਾ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ, ਸਿਵਲ ਸਰਜਨ ਡਾ. ਬਲਵੰਤ ਸਿੰਘ, ਪ੍ਰਿੰਸੀਪਲ ਵੀ.ਕੇ ਸਿੰਘ, ਵਾਈਸ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਧੀਰ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਬੰਗਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਡਾ. ਆਸ਼ਾ ਮਾਂਗਟ, ਸੀ.ਡੀ.ਪੀ.ਓ ਸ੍ਰੀਮਤੀ ਸਨੇਹ ਲਤਾ, ਏ.ਆਰ ਮਲਕੀਤ ਰਾਮ, ਵਣ ਰੇਂਜ ਅਫ਼ਸਰ ਦਵਿੰਦਰ ਪਾਲ ਸਿੰਘ, ਮੰਗਲ ਸਿੰਘ ਭੰਡਾਲ, ਸੁਪਰਡੈਂਟ ਬੀ.ਪੀ ਡਾਵਰ, ਸਤਬੀਰ ਸਿੰਘ ਚੰਦੀ, ਦਵਿੰਦਰ ਪਾਲ ਸਿੰਘ ਆਹੂਜਾ, ਸਵੀਪ ਕੋਆਰਡੀਨੇਟਰ ਪਰਮਜੀਤ ਸਿੰਘ, ਡਾ. ਐਚ.ਪੀ.ਐਸ ਭਰੋਤ, ਡਾ. ਗੁਰਪ੍ਰੀਤ ਸਿੰਘ ਸਿੱਧੂ, ਡਾ. ਵਿਸ਼ਾਲ ਕੌਸ਼ਲ, ਸ੍ਰੀਮਤੀ ਮਾਧਵੀ ਬਖਸ਼ੀ, ਮੈਡਮ ਜਿਓਤੀ ਆਨੰਦ, ਰਵਿੰਦਰ ਜੱਸਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।