324 ਬੋਤਲਾਂ ਨਜਾਇਜ ਸ਼ਰਾਬ ਤੇ ਨਸ਼ੀਲੀ ਗੋਲੀਆਂ ਬਰਾਮਦ, 2 ਗਿਰਫਤਾਰ

Last Updated: Jun 05 2019 11:39
Reading time: 1 min, 10 secs

ਜਿੱਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਨੂੰ ਨਸ਼ਾਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਗਸ਼ਤ ਦੌਰਾਨ ਨਸ਼ੀਲੀ ਗੋਲੀਆਂ ਅਤੇ ਨਜਾਇਜ ਸ਼ਰਾਬ ਬਰਾਮਦ ਕਰਦੇ ਹੋਏ 2 ਜਣਿਆਂ ਨੂੰ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋਹਾਂ ਖਿਲਾਫ ਸੰਬੰਧਤ ਥਾਣਿਆਂ 'ਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕਰ ਲਏ ਗਏ ਹਨ। ਜਾਣਕਾਰੀ ਮੁਤਾਬਿਕ ਥਾਣਾ ਸਦਰ ਜਲਾਲਾਬਾਦ 'ਚ ਤਾਇਨਾਤ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦਾਅਵ ਕੀਤਾ ਕਿ ਉਹ ਬੀਤੀ ਸ਼ਾਮ ਪੁਲਿਸ ਪਾਰਟੀ ਸਣੇ ਪਿੰਡ ਮੌਜੇ ਵਾਲਾ ਕੋਲ ਗਸ਼ਤ ਕਰ ਰਹੇ ਸਨ। ਉਨ੍ਹਾਂ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 400 ਨਸ਼ੀਲੀ ਗੋਲੀਆਂ ਐਲਪਰਾਜੋਲਮ ਅਤੇ 350 ਗੋਲੀਆਂ ਟ੍ਰਾਮਾਡੋਲ ਬਰਾਮਦ ਹੋਈਆਂ। ਪੁਲਿਸ ਨੇ ਫੜੇ ਗਏ ਨੌਜਵਾਨ ਦੀ ਪਹਿਚਾਨ ਬੱਬੂ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲਮੋਚੜ ਕਲਾ ਵੱਜੋਂ ਕੀਤੀ ਹੈ। ਨੌਜਵਾਨ ਖਿਲਾਫ ਥਾਣਾ ਸਦਰ ਜਲਾਲਾਬਾਦ 'ਚ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਸੇ ਤਰ੍ਹਾਂ ਇੱਕ ਹੋਰ ਮਾਮਲੇ 'ਚ ਅਬੋਹਰ ਦੇ ਥਾਣਾ ਸਦਰ 'ਚ ਤਾਇਨਾਤ ਹੌਲਦਾਰ ਵਿਪਨ ਚੰਦਰ ਨੇ ਦਾਅਵਾ ਕੀਤਾ ਕਿ ਉਹ ਬੀਤੀ ਸ਼ਾਮ ਪੁਲਿਸ ਪਾਰਟੀ ਸਣੇ ਪਿੰਡ ਭੰਗਾਲਾ ਨੇੜੇ ਗਸ਼ਤ ਕਰ ਰਹੇ ਸਨ। ਉਨ੍ਹਾਂ ਮੁਖਬਿਰ ਦੀ ਸੂਚਨਾ 'ਤੇ ਪਿੰਡ ਭੰਗਾਲਾ ਵਿਖੇ ਦੱਸੇ ਗਏ ਘਰ ਵਿੱਚ ਛਾਪਾ ਮਾਰ ਕੇ 27 ਪੇਟੀਆਂ (324 ਬੋਤਲਾਂ) ਸ਼ਰਾਬ ਮਾਰਕਾ ਫਰਸਟ ਚੁਆਇਸ ਹਰਿਆਣਾ ਬਰਾਮਦ ਕੀਤੀਆਂ। ਪੁਲਿਸ ਨੇ ਸ਼ਰਾਬ ਵੇਚਨ ਵਾਲੇ ਨੌਜਵਾਨ ਗੁਰਕੀਰਤ ਸਿੰਘ ਪੁੱਤਰ ਬਲਜਿੰਦਰ ਸਿੰਘ ਨੂੰ ਗਿਰਫਤਾਰ ਕਰ ਲਿਆ। ਫੜੇ ਗਏ ਨੌਜਵਾਨ ਖਿਲਾਫ ਥਾਣਾ ਸਦਰ 'ਚ ਆਬਾਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।