ਮਲੇਰੀਏ ਨੂੰ ਖ਼ਤਮ ਕਰਨ ਲਈ ਸਿਹਤ ਵਿਭਾਗ ਲਗਾ ਰਿਹੈ ਅੱਡੀ ਚੋਟੀ ਦਾ ਜ਼ੋਰ!!

Last Updated: Jun 04 2019 17:15
Reading time: 1 min, 36 secs

ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਖੇ ਮਲੇਰੀਆ ਜਾਗਰੂਕਤਾ ਰੈਲੀ ਦਾ ਆਯੋਜਨ ਸਿਹਤ ਵਿਭਾਗ ਵੱਲੋਂ ਮਹੀਨਾ ਜੂਨ ਨੂੰ ਐਂਟੀ ਮਲੇਰੀਆ ਮਹੀਨੇ ਵੱਜੋਂ ਮਨਾਇਆ ਜਾਂਦਾ ਹੈ। ਅੱਜ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਮੀਨਾਕਸ਼ੀ ਦੀਗਰਾ ਜ਼ਿਲ੍ਹਾ ਐਪੀਡਿਮਾਲੋਜਿਸਟ ਦੀ ਯੋਗ ਅਗੁਵਾਈ ਹੇਠ ਡਾ. ਪ੍ਰਦੀਪ ਅੱਗਰਵਾਲ ਸੀਨੀਅਰ ਮੈਡੀਕਲ ਅਫ਼ਸਰ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਵੀ ਕੀਤਾ ਗਿਆ।

ਡਾ. ਪ੍ਰਦੀਪ ਅੱਗਰਵਾਲ ਵੱਲੋਂ ਕੈਂਪ ਵਿੱਚ ਆਏ ਲੋਕਾਂ ਨੂੰ ਦੱਸਿਆ ਗਿਆ ਕਿ ਪੰਜਾਬ ਰਾਜ ਵੱਲੋਂ ਮਲੇਰੀਆ ਐਲੀਮੀਨੇਸ਼ਨ ਕੈਮਪੇਨ ਲਾਂਚ ਕਰ ਦਿੱਤਾ ਗਿਆ ਹੈ, ਜਿਸ ਅਧੀਨ ਪੰਜਾਬ ਰਾਜ ਨੂੰ 2020 ਤੱਕ ਮਲੇਰੀਆ ਮੁਕਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਠੰਡ ਅਤੇ ਕਾਂਬੇ ਨਾਲ ਬੁਖਾਰ ਹੋਣਾ, ਤੇਜ਼ ਬੁਖਾਰ, ਉਲਟੀਆਂ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਕਮਜ਼ੋਰੀ ਮਹਿਸੂਸ ਹੋਣੀ ਅਤੇ ਪਸੀਨਾ ਆਉਣਾ ਮਲੇਰੀਆ ਦੇ ਲੱਛਣ ਹਨ।

ਮਲੇਰੀਆ ਜਿਹੀ ਬਿਮਾਰੀ ਤੋਂ ਬਚਣ ਲਈ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਪੜਾਂ ਵਿੱਚ ਖੜੇ ਪਾਣੀ ਵਿੱਚ ਹਫਤੇ ਵਿੱਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਵ ਕੀਤਾ ਜਾਵੇ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਜੋ ਤੁਹਾਨੂੰ ਮੱਛਰ ਨਾ ਕੱਟ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਮਰੀਜ ਨੂੰ ਉਕਤ ਲੱਛਣ ਹੁੰਦੇ ਹਨ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਉ ਜੋ ਕਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਣੇ ਸਾਰੇ ਛੱਪੜਾਂ ਵਿੱਚ, ਜਿਨ੍ਹਾਂ ਵਿੱਚ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਨਹੀਂ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚ ਗੋਬੂਜੀਆ ਮੱਛੀਆਂ ਛੱਡੀਆਂ ਜਾ ਰਹੀਆਂ ਹਨ, ਕਿਉਂਕਿ ਇਹ ਮੱਛੀਆਂ ਜਿੱਥੇ ਮੱਛਰ ਦੇ ਲਾਰਵੇ ਨੂੰ ਖਤਮ ਕਰਦੀਆਂ ਹਨ, ਉੱਥੇ ਹੀ ਇਸ ਨਾਲ ਲੋਕਾਂ ਨੂੰ ਮਲੇਰੀਆਂ ਅਤੇ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਕਾਫੀ ਰਾਹਤ ਮਿਲੇਗੀ। ਇਸ ਮੌਕੇ ਸਤਪਾਲ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਬਲਵਿੰਦਰ ਸਿੰਘ, ਮਨਜੀਤ ਸਿੰਘ, ਦੀਪਕ ਸ਼ਰਮਾ, ਰਮਨ ਕੁਮਾਰ, ਪੁਨੀਤ ਮਹਿਤਾ, ਰਵਿੰਦਰ ਕੁਮਾਰ, ਜਗਪ੍ਰੀਤ ਸਿੰਘ, ਸਤਪਾਲ ਚਾਵਲਾ ਆਦਿ ਹਾਜ਼ਰ ਸਨ।