ਮਿਸ਼ਨ ਤੰਦਰੁਸਤ ਪੰਜਾਬ, 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ

Last Updated: Jun 04 2019 16:48
Reading time: 0 mins, 59 secs

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਲਾਕ ਬਟਾਲਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਾਏ ਗਏ। ਲੋਕਾਂ ਨੂੰ ਪੋਸ਼ਣ ਅਭਿਆਨ, ਮਾਂ ਦਾ ਦੁੱਧ ਪਿਲਾਉਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੀ.ਡੀ.ਪੀ.ਓ. ਬਟਾਲਾ ਵਰਿੰਦਰ ਗਿੱਲ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਚੰਗੀ ਖੁਰਾਕ, ਹਰੀਆਂ ਸਬਜ਼ੀਆਂ ਅਤੇ ਪੌਸ਼ਟਿਕ ਅਹਾਰ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਂਗਨਵਾੜੀ ਵਰਕਰਾਂ ਨੇ ਪਿੰਡਾਂ ਵਿੱਚ ਮਹਿਲਾਵਾਂ ਨੂੰ ਇਹ ਅਪੀਲ ਖਾਸ ਤੌਰ 'ਤੇ ਕੀਤੀ ਹੈ ਕਿ 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ ਕਿਉਂਕਿ ਮਾਂ ਦੇ ਦੁੱਧ ਵਿੱਚ ਬੱਚੇ ਲਈ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ ਅਤੇ ਮਾਂ ਦਾ ਦੁੱਧ ਬੱਚੇ ਵਿੱਚ ਬਿਮਾਰੀਆਂ ਖਿਲਾਫ ਲੜ੍ਹਨ ਦੀ ਸ਼ਕਤੀ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ 6 ਮਹੀਨੇ ਤੱਕ ਪਾਣੀ ਵੀ ਨਹੀਂ ਪਿਲਾਉਣਾ ਚਾਹੀਦਾ।

ਉਨ੍ਹਾਂ ਦੱਸਿਆ ਕਿ 6 ਮਹੀਨੇ ਬਾਅਦ ਬੱਚੇ ਨੂੰ ਓਪਰੀ ਖੁਰਾਕ ਜਿਸ ਵਿੱਚ ਖਿਚੜੀ, ਦਲੀਆ, ਉਬਲੇ ਹੋਏ ਆਲੂ ਤੇ ਕੇਲਾ ਮਸਲ ਕੇ ਖਿਲਾਉਣਾ ਚਾਹੀਦਾ ਹੈ। ਇਸ ਖੁਰਾਕ ਨਾਲ ਬੱਚਾ ਤੰਦਰੁਸਤ ਹੋਵੇਗਾ ਅਤੇ ਉਸਦੀ ਸਿਹਤ ਦਾ ਵਿਕਾਸ ਹੋਵੇਗਾ। ਸੀ.ਡੀ.ਪੀ.ਓ. ਬਟਾਲਾ ਨੇ ਦੱਸਿਆ ਕਿ ਹਰ ਪਿੰਡ ਵਿੱਚ ਆਂਗਨਵਾੜੀ ਵਰਕਰਾਂ ਲੋਕਾਂ ਨੂੰ ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਤੰਦਰੁਸਤ ਸਿਹਤ ਸਬੰਧੀ ਜਾਗਰੂਕ ਕਰ ਰਹੀਆਂ ਹਨ ਅਤੇ ਲੋਕਾਂ ਵਿੱਚ ਵੀ ਆਪਣੀ ਸਿਹਤ ਨੂੰ ਲੈ ਕੇ ਜਾਗਰੂਕਤਾ ਵਧੀ ਹੈ।