ਸਮਰ ਕੈਂਪਾਂ 'ਚ ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਲੈ ਰਹੇ ਹਨ ਪੂਰੇ ਉਤਸ਼ਾਹ ਨਾਲ ਭਾਗ

Last Updated: Jun 04 2019 14:14
Reading time: 2 mins, 19 secs

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਧਿਆਪਕਾਂ ਵੱਲੋਂ ਲਗਾਏ ਜਾ ਰਹੇ ਸਮਰ ਕੈਂਪਾਂ ਵਿੱਚ ਆਪਣੀ ਸ਼ਖਸੀਅਤ ਨੂੰ ਨਵਾਂ ਰੂਪ ਦੇ ਰਹੇ ਹਨ। ਇਨ੍ਹਾਂ ਸਮਰ ਕੈਂਪਾਂ ਵਿੱਚ ਅਧਿਆਪਕਾਂ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਦੇ ਨਵੇਂ ਰੰਗ ਉੱਭਰ ਕੇ ਸਾਹਮਣੇ ਆ ਰਹੇ ਹਨ। ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਪੱਧਰ ਤੇ ਆਪਣੇ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ਇਹ ਕੈਂਪ ਆਰੰਭ ਕੀਤੇ ਗਏ ਹਨ। ਜ਼ਿਲ੍ਹਾ ਗੁਰਦਾਸਪੁਰ ਵਿੱਚ 303 ਪ੍ਰਾਇਮਰੀ ਸਕੂਲਾਂ ਅਤੇ 78 ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਸਮਰ ਕੈਂਪ ਲਗਾਏ ਗਏ ਹਨ ਜੋ ਕਿ 10 ਜੂਨ ਤੱਕ ਚੱਲਣਗੇ। 

ਅਧਿਆਪਕਾਂ ਵੱਲੋਂ ਆਪਣੀ ਸਵੈ-ਇੱਛਾ ਨਾਲ ਲਗਾਏ ਇੰਨਾਂ ਕੈਂਪਾਂ ਵਿੱਚ ਵਿਦਿਆਰਥੀਆਂ ਵੱਲੋਂ ਜਿੱਥੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਜਿਵੇਂ ਲੰਗੜਾ ਸ਼ੇਰ, ਪੀਚੋ, ਸ਼ੇਰ ਬੱਕਰੀ, ਕੁਰਸੀ ਦੌੜ, ਕੋਟਲਾਂ ਛਪਾਕੀ ਖੇਡੀਆਂ ਜਾ ਰਹੀਆਂ ਹਨ, ਉੱਥੇ ਹੀ ਨੰਨੇ ਹੱਥਾਂ ਵਾਲੇ ਇਹ ਬਾਲ ਕਲਾਕਾਰ ਆਪਣੇ ਮਨਾਂ ਦੇ ਕੋਮਲ ਭਾਵਾਂ ਨੂੰ ਚਿੱਤਰਕਲਾ ਰਾਹੀਂ ਵੀ ਸਾਕਾਰ ਰੂਪ ਦੇ ਰਹੇ ਹਨ। ਕਲੇਅ ਮਾਡਲਿੰਗ ਰਾਹੀਂ ਇਨ੍ਹਾਂ ਬੱਚਿਆਂ ਵੱਲੋਂ ਕੀਤੀ ਜਾ ਰਹੀ ਸਿਰਜਣਾ ਇਨ੍ਹਾਂ ਦੇ ਮਨਾਂ ਦੇ ਵਲਵਲਿਆਂ ਦਾ ਪ੍ਰਗਟਾਵਾ ਕਰਦੀ ਹੈ ਅਤੇ ਇਹ ਵੀ ਦੱਸਦੀ ਹੈ ਕਿ ਇਹ ਬੱਚੇ ਆਪਣੇ ਆਲੇ-ਦੁਆਲੇ ਪ੍ਰਤੀ ਕਿਸ ਤਰ੍ਹਾਂ ਦੀ ਸਮਝ ਰੱਖਦੇ ਹਨ। ਇਸੇ ਤਰ੍ਹਾਂ ਅਧਿਆਪਕਾਂ ਵੱਲੋਂ ਸੁੰਦਰ ਲਿਖਾਈ ਦੇ ਗੁਰ ਵੀ ਵਿਦਿਆਰਥੀਆਂ ਨੂੰ ਸਮਝਾਏ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ੍ਰੀ ਵਿਨੋਦ ਕੁਮਾਰ ਮੱਤਰੀ ਨੇ ਦੱਸਿਆ ਕਿ ਇਨ੍ਹਾਂ ਸਮਰ ਕੈਂਪਾਂ ਵਿੱਚ ਬੱਚੇ ਲੋਕ ਕਲਾਵਾਂ ਵੀ ਸਿੱਖ ਰਹੇ ਹਨ। ਭੰਗੜੇ ਗਿੱਧੇ ਤੋਂ ਇਲਾਵਾ ਗੀਤ, ਕਵਿਤਾਵਾਂ, ਚੁੱਟਕਲੇ ਆਦਿ ਰਾਹੀਂ ਬੱਚੇ ਆਪਣੇ ਸਾਥੀਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਸਾਰਥਕ ਇਸਤੇਮਾਲ ਕਰ ਰਹੇ ਹਨ। 

ਇਸੇ ਤਰ੍ਹਾਂ ਰੰਗੋਲੀ, ਸਲਾਦ ਕੱਟ ਕੇ ਸਜਾਉਣਾ, ਮਹਿੰਦੀ ਲਗਾਉਣ ਵਰਗੇ ਮੁਕਾਬਲਿਆਂ ਵਿੱਚ ਕੁੜੀਆਂ ਆਪਣੀ ਵੱਖਰੀ ਮੁਹਾਰਤ ਦਾ ਮੁਜ਼ਾਹਿਰਾ ਇਨ੍ਹਾਂ ਸਮਰ ਕੈਂਪਾਂ ਵਿੱਚ ਕਰ ਰਹੀਆਂ ਹਨ। ਇਸੇ ਤਰ੍ਹਾਂ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਨਾਲ ਜੋੜਨ ਅਤੇ ਉਨ੍ਹਾਂ ਨੂੰ ਸਾਡੇ ਚੌਗਿਰਦੇ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਨੂੰ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਵੀ ਇੰਨਾਂ ਸਮਰ ਕੈਂਪਾਂ ਵਿੱਚ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੇਪਰ ਕਟਿੰਗ ਅਤੇ ਫਲਾਵਰ ਮੇਕਿੰਗ ਕਰਦੇ ਇਹ ਬੱਚੇ ਸਰਕਾਰੀ ਸਕੂਲਾਂ ਦੀਆਂ ਰੰਗਲੀਆਂ ਤਸਵੀਰਾਂ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਅਧਿਆਪਕਾਂ ਵੱਲੋਂ ਸਵੈ ਇੱਛਾ ਨਾਲ ਆਪਣੇ ਵਿਦਿਆਰਥੀਆਂ ਲਈ ਲਗਾਏ ਜਾ ਰਹੇ ਇਨ੍ਹਾਂ ਸਮਰ ਕੈਂਪਾਂ ਦੀ ਸਫਲਤਾ ਲਈ ਵਿਖਾਏ ਜਾ ਰਹੇ ਜੋਸ, ਜਜ਼ਬੇ ਅਤੇ ਜਨੂੰਨ ਨੂੰ ਸਲਾਮ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲ ਕਿਸੇ ਤਰ੍ਹਾਂ ਵੀ ਕਿਸੇ ਵੀ ਹੋਰ ਸਕੂਲਾਂ ਤੋਂ ਪਿੱਛੇ ਨਹੀਂ ਹਨ।

ਸਰਕਾਰੀ ਪ੍ਰਾਇਮਰੀ ਸਕੂਲ ਥਿੰਦ ਦੇ ਮੁੱਖ ਅਧਿਆਪਕ ਦਲਬੀਰ ਸਿੰਘ ਸੱਖੋਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 1 ਜੂਨ ਤੋਂ ਹੀ ਸਮਰ ਕੈਂਪ ਲੱਗਾ ਹੋਇਆ ਹੈ ਅਤੇ ਸਕੂਲ ਦੇ ਸਾਰੇ ਹੀ ਵਿਦਿਆਰਥੀ ਬਹੁਤ ਉਤਸ਼ਾਹ ਨਾਲ ਇਸ ਕੈਂਪ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਮਰ ਕੈਂਪ ਜਿੱਥੇ ਵਿਦਿਆਰਥੀਆਂ ਲਈ ਬਹੁਤ ਕੁਝ ਸਿੱਖਣ ਦਾ ਮੌਕਾ ਹੈ ਉੱਥੇ ਅਧਿਆਪਕਾਂ ਲਈ ਵੀ ਬਹੁਤ ਅਨੰਦਮਈ ਅਹਿਸਾਸ ਹੈ। ਉਨ੍ਹਾਂ ਕਿਹਾ ਕਿ ਇਸ ਸਮਰ ਕੈਂਪ ਵਿੱਚ ਅਧਿਆਪਕ ਅਤੇ ਵਿਦਿਆਰਥੀ ਰਲ-ਮਿਲ ਕੇ ਕੁਝ ਨਵਾਂ ਸਿੱਖ ਰਹੇ ਹਨ।