ਆਖ਼ਰ, ਕਦੇ ਨਾ ਪੂਰੇ ਹੋ ਸਕਣ ਵਾਲੇ ਵਾਅਦੇ, ਕਿਉਂ ਕਰਦੀਆਂ ਹਨ, ਸਰਕਾਰਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 04 2019 10:02
Reading time: 2 mins, 32 secs

ਪਤਾ ਨਹੀਂ ਸਮੇਂ ਦੀਆਂ ਸਰਕਾਰਾਂ ਨੇ ਸੂਬੇ ਦੀ ਜਨਤਾ ਨੂੰ ਮੂਰਖ ਹੀ ਸਮਝ ਰੱਖਿਆ ਹੈ, ਜਿਹੜਾ ਕਿ ਉਹ, ਉਨ੍ਹਾਂ ਨਾਲ ਅਕਸਰ ਉਹ ਵਾਅਦੇ ਕਰਨ ਬਹਿ ਜਾਂਦੀਆਂ ਹਨ, ਜਿਨ੍ਹਾਂ ਬਾਰੇ ਕਿ, ਉਨ੍ਹਾਂ ਨੂੰ ਵੀ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਕਿ, ਉਹ ਵਾਅਦੇ ਨਾ ਹੀ ਉਨ੍ਹਾਂ ਤੋਂ ਪੂਰੇ ਹੋਣੇ ਹਨ ਤੇ ਨਾ ਹੀ ਉਨ੍ਹਾਂ ਨੇ ਪੂਰੇ ਕਰਨੇ ਹਨ।

ਸਿਆਸੀ ਚੂੰਢੀਮਾਰਾਂ ਅਨੁਸਾਰ, ਪਿਛਲੇ ਲਗਭਗ ਢਾਈ ਸਾਲਾਂ ਵਿੱਚ ਸੂਬੇ ਦੀ ਅਵਾਮ ਨੂੰ ਇੰਨਾ ਕੁ ਤਜੁਰਬਾ ਤਾਂ ਹੋ ਚੁੱਕਾ ਹੈ ਕਿ, ਸਰਕਾਰ ਜੋ ਕਹਿੰਦੀ ਹੈ, ਉਹ ਹੁੰਦਾ ਨਹੀਂ ਹੈ। ਬਾਵਜੂਦ ਇਸ ਦੇ ਲੋਕ ਲੀਡਰਾਂ ਨੂੰ ਸੁਣਦੇ ਹਨ, ਤੇ ਉਨ੍ਹਾਂ ਦੇ ਮੂੰਹੋਂ ਨਿਕਲੇ ਵਾਅਦਿਆਂ ਨੂੰ ਸੁਣ ਕੇ ਤਾੜੀਆਂ ਮਾਰਨ ਬਹਿ ਜਾਂਦੇ ਹਨ। ਆਲੋਚਕਾਂ ਅਨੁਸਾਰ ਪਤਾ ਨਹੀਂ, ਉਹ ਤਾੜੀਆਂ ਉਨ੍ਹਾਂ ਵੱਲੋਂ ਕੀਤੇ ਹੋਏ ਵਾਅਦਿਆਂ ਤੋਂ ਖ਼ੁਸ਼ ਹੋਕੇ ਮਾਰਦੇ ਹਨ ਜਾਂ ਫਿਰ, ਉਨ੍ਹਾਂ ਵੱਲੋਂ ਕੀਤੇ ਵਾਅਦਿਆਂ ਨੂੰ ਗੱਪਾਂ ਸਮਝ ਕੇ।

ਦੋਸਤੋ, ਅਜਿਹਾ ਹੀ ਕੁਝ ਉਸ ਵੇਲੇ ਵੀ ਵੇਖਣ ਨੂੰ ਮਿਲਿਆ, ਜਦੋਂ ਪਟਿਆਲਾ ਦੇ ਜੇਲ੍ਹ ਟ੍ਰੇਨਿੰਗ ਸਕੂਲ ਵਿੱਚ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲੈਣ ਪੁੱਜੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਓਥੇ ਇੱਕ ਐਸਾ ਪੈਟਰੋਲ ਪੰਪ ਖੋਲ੍ਹਣ ਦੀ ਗੱਲ ਕੱਢ ਮਾਰੀ, ਜਿਸ ਤੇ ਕਿ ਕੈਦੀ ਤੇਲ ਵੇਚਣਗੇ। ਪਤਾ ਨਹੀਂ ਕਿਉਂ? ਪਰ ਮੰਤਰੀ ਦੀ ਗੱਲ ਸੁਣ ਕੇ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਬੜੀਆਂ ਮਾਰੀਆਂ। ਜ਼ਰੂਰੀ ਨਹੀਂ ਹੈ ਕਿ, ਲੋਕਾਂ ਨੇ ਮੰਤਰੀ ਦੇ ਇਹ ਵਾਅਦੇ ਨੂੰ ਗੱਪ ਹੀ ਸਮਝਿਆ ਹੋਵੇਗਾ। 

ਦੋਸਤੋ, ਬੜੇ ਕੌੜੇ ਸਵਾਲ ਹਨ ਕਿ, ਇਸ ਸਮੇਂ ਸੂਬੇ ਦੀਆਂ ਜੇਲ੍ਹਾਂ ਕਿੰਨੀਆਂ ਕੁ ਸੁਰੱਖਿਅਤ ਹਨ? ਇਹ ਜੇਲ੍ਹਾਂ ਜਿਨ੍ਹਾਂ ਅਫ਼ਸਰਾਂ ਦੇ ਹੱਥਾਂ ਵਿੱਚ ਹਨ, ਉਨ੍ਹਾਂ ਵਿੱਚੋਂ ਕਿੰਨੇ ਕੁ ਅਫ਼ਸਰ ਕਾਬਲ ਤੇ ਇਮਾਨਦਾਰ ਹਨ? ਕੀ ਸੂਬੇ ਦੀ ਕੋਈ ਜੇਲ੍ਹ ਹੈ, ਜਿੱਥੇ ਨਸ਼ੀਲੇ ਪਦਾਰਥ ਨਹੀਂ ਮਿਲਦੇ ਜਾਂ ਵਿਕਦੇ? ਕੀ ਸੂਬੇ ਵਿੱਚ ਇੱਕ ਵੀ ਐਸੀ ਜੇਲ੍ਹ ਹੈ, ਜਿਸ ਨੂੰ ਕਿ, ਸਹੀ ਮਾਇਨੇ ਵਿੱਚ ਸੁਧਾਰ ਘਰ ਮੰਨਿਆ ਜਾ ਸਕਦਾ ਹੈ? ਕੀ ਸੂਬੇ ਵਿੱਚ ਇੱਕ ਵੀ ਜੇਲ੍ਹ ਹੈ, ਜਿਸ ਦੇ ਅਧਿਕਾਰੀਆਂ ਤੇ ਕਦੇ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਨਹੀਂ ਲੱਗੇ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਕੀ ਹਨ, ਇਹ ਜੇਲ੍ਹ ਮੰਤਰੀ ਵੀ ਜਾਣਦੇ ਹਨ, ਜੇਲ੍ਹ ਅਧਿਕਾਰੀ ਵੀ ਅਤੇ ਸੂਬੇ ਦੀ ਅਵਾਮ ਵੀ ਭਲੀ ਭਾਂਤੀ ਜਾਣਦੀ ਹੈ। 

ਦੋਸਤੋ, ਜੇਕਰ ਤੁਹਾਨੂੰ ਇਨ੍ਹਾਂ ਸਵਾਲਾਂ ਤੇ ਰੱਤਾ ਭਰ ਵੀ ਇਤਰਾਜ਼ ਜਾਂ ਸ਼ੰਕਾ ਹੈ ਤਾਂ, ਸਾਬਕਾ ਡੀ. ਜੀ. ਪੀ. ਜੇਲ੍ਹਾਂ, ਸ਼ਸ਼ੀ ਕਾਂਤ ਦੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਵੀਡੀਓਜ਼, ਉਨ੍ਹਾਂ ਦੇ ਅਖ਼ਬਾਰਾਂ ਵਿੱਚ ਛਪੇ ਪਟਾਕੇ ਪਾਊ ਬਿਆਨਾਂ ਦੀਆਂ ਕਤਰਾਂ ਅੱਜ ਵੀ ਚੀਖ਼ ਚੀਖ਼ ਕੇ ਕਹਿ ਰਹੀਆਂ ਹਨ, ਜੇਲ੍ਹਾਂ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ। ਕੀ ਅੱਛਾ ਨਹੀਂ ਚੱਲ ਰਿਹਾ? ਇਸ ਸਵਾਲ ਦਾ ਜਵਾਬ ਦੇਣ ਲਈ ਸ਼ਸ਼ੀ ਕਾਂਤ ਅੱਜ ਵੀ ਮੌਜੂਦ ਹਨ, ਵੇਖ ਲਓ ਉਨ੍ਹਾਂ ਨੂੰ ਛੇੜ ਕੇ ਜਰਾ।

ਦੋਸਤੋ, ਬਿਨ੍ਹਾਂ ਸ਼ੱਕ ਜੇਲ੍ਹ ਮੰਤਰੀ ਦਾ ਇਹ ਬਿਆਨ ਉਨ੍ਹਾਂ ਦੀ ਅਗਾਂਹ ਵਧੂ ਸੋਚ ਦਾ ਪ੍ਰਤੀਕ ਮੰਨਿਆ ਜਾ ਸਕਦਾ ਹੈ, ਪਰ ਉਨ੍ਹਾਂ ਦੀ ਸੋਚ ਨੂੰ ਜ਼ਮੀਨੀ ਪੱਧਰ ਤੇ ਬੂਰ ਪੈਣਾ ਉਨ੍ਹਾਂ ਆਸਾਨ ਨਹੀਂ ਹੈ, ਜਿਨ੍ਹਾਂ ਕਿ, ਉਨ੍ਹਾਂ ਨੇ ਸੋਚ ਰੱਖਿਆ ਹੈ। ਦੋਸਤੋ, ਉਨ੍ਹਾਂ ਦੀ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੇ ਦੌਰਾਨ ਕਿੰਨੇ ਕੁ ਵਾਅਦੇ ਪੂਰੇ ਕੀਤੇ ਗਏ ਹਨ? ਇਹ ਸਵਾਲ ਅੱਜ ਵੀ ਸਰਕਾਰ ਦੇ ਮੂਹਰੇ ਚਾਚੀ ਤਾੜਕਾ ਵਾਂਗ ਮੂੰਹ ਖੋਲੀ ਖੜਿਆ ਹੈ। ਸੂਬੇ ਦੀ ਜਨਤਾ ਨੂੰ ਬੜਾ ਤਜੁਰਬਾ ਹੋ ਗਿਆ ਹੈ ਹੁਣ, ਕਰਾਰਾਂ ਦੇ ਹੋਣ ਤੇ ਟੁੱਟਣ ਦਾ। ਪਤਾ ਨਹੀਂ ਫਿਰ ਵੀ ਕਿਉਂ ਸਰਕਾਰਾਂ ਬਹਿ ਜਾਂਦੀਆਂ ਹਨ, ਨਾ ਪੂਰੇ ਹੋ ਸਕਣ ਵਾਲੇ ਵਾਅਦੇ ਕਰਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।