ਹਰਸਿਮਰਤ ਬਾਦਲ ਨੇ ਸੜਕ ਹਾਦਸੇ ਦੇ ਜ਼ਖਮੀਆਂ ਨੂੰ ਦਿੱਤੀ ਮੁੱਢਲੀ ਸਹਾਇਤਾ ਤੇ ਨਾਲ ਹੀ ਹੋਏ ਸੋਸ਼ਲ ਮੀਡੀਆ ਤੇ ਟ੍ਰੋਲ

Last Updated: Jun 03 2019 19:20
Reading time: 1 min, 3 secs

ਸਾਡੇ ਦੇਸ਼ ਵਿੱਚ ਸੜਕ ਹਾਦਸੇ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਹੀ ਹੁੰਦੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਤੱਕ ਗੁਆ ਦਿੰਦੇ ਹਨ। ਸੜਕ ਹਾਦਸਿਆਂ ਵਿੱਚ ਜ਼ਖਮੀ ਵਿਅਕਤੀਆਂ ਦੀ ਜਾਨ ਜਾਣ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਉਨ੍ਹਾਂ ਨੂੰ ਮੌਕੇ ਤੇ ਮੁੱਢਲੀ ਸਹਾਇਤਾ ਨਹੀਂ ਮਿਲ ਪਾਉਂਦੀ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ 'ਚ ਦੇਰੀ ਹੋ ਜਾਂਦੀ ਹੈ।

ਬੀਤੀ ਰਾਤ ਪਿੰਡ ਕਾਲਝਰਾਨੀ ਕੋਲ ਸੜਕ ਵਿੱਚ ਹੋਏ ਵੱਡੇ ਟੋਏ ਕਾਰਨ ਇੱਕ ਪਰਿਵਾਰ ਜੋ ਕਿ ਸਕੂਟਰ ਤੇ ਘਰ ਜਾ ਰਿਹਾ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਮੌਕੇ ਇਸੇ ਰਸਤੇ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਗੁਜ਼ਰ ਰਹੇ ਸਨ। ਹਾਦਸੇ ਨੂੰ ਵੇਖ ਕੇ ਉਨ੍ਹਾਂ ਨੇ ਆਪਣੀਆਂ ਗੱਡੀਆਂ ਰੋਕੀਆਂ ਅਤੇ ਜ਼ਖਮੀ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਨਜ਼ਦੀਕ ਦੇ ਹਸਪਤਾਲ ਬਾਦਲ ਪਿੰਡ ਭੇਜ ਦਿੱਤਾ। ਜਿੱਥੇ ਇਸ ਕਦਮ ਦੀ ਸ਼ਲਾਘਾ ਹੋਣੀ ਬਣਦੀ ਸੀ ਉੱਥੇ ਹੀ ਕੇਂਦਰੀ ਮੰਤਰੀ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਹੇ ਹਨ।

ਇਸ ਟਰੋਲਿੰਗ ਦਾ ਕਾਰਨ ਹੈ ਕਿ ਜਦੋਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਟੋਏ ਕਾਰਨ ਰੋਜ਼ਾਨਾ ਸੜਕ ਹਾਦਸੇ ਹੁੰਦੇ ਹਨ ਤਾਂ ਉਨ੍ਹਾਂ ਨੇ ਡੀ.ਸੀ. ਨੂੰ ਕਾਲ ਕੀਤੀ ਤਾਂ ਉਹ ਉਨ੍ਹਾਂ ਨਾਲ ਗੱਲ ਅੰਗਰੇਜ਼ੀ ਭਾਸ਼ਾ ਵਿੱਚ ਕਰ ਰਹੇ ਸਨ ਪਰ ਗੱਲ ਕਰਦਿਆਂ-ਕਰਦਿਆਂ ਉਨ੍ਹਾਂ ਨੇ ਸਿਰਫ਼ ਇੱਕ ਗੱਲ ਪੰਜਾਬੀ ਵਿੱਚ ਕਹਿ ਦਿੱਤੀ ਕਿ "ਦੇਅਰ ਇਜ਼ ਅ ਬਿਗ ਟੋਆ ਇਨ ਦਾ ਸੜਕ" ਜਿਸ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਹੋਣਾ ਪਿਆ।