ਕਿਤੇ ਫਿਰ ਨਾ ਆ ਜਾਵੇ 1984 ਵਾਲਾ ਦੌਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 03 2019 18:18
Reading time: 2 mins, 39 secs

1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ, ਉਹ ਕਿਸੇ ਨੂੰ ਹੁਣ ਤੱਕ ਭੁੱਲਿਆ ਨਹੀਂ। ਇੱਥੋਂ ਤੱਕ ਕਿ ਇਸ ਕਤਲੇਆਮ ਦਾ ਧੂੰਆਂ ਵਿਦੇਸ਼ਾਂ ਵਿੱਚ ਵੀ ਫੈਲਿਆ ਸੀ ਅਤੇ ਵਿਦੇਸ਼ਾਂ ਵਿੱਚ 84 ਵੇਲੇ ਕਾਫੀ ਜ਼ਿਆਦਾ ਭਾਰਤ ਸਰਕਾਰ ਦਾ ਵਿਰੋਧ ਹੋਇਆ ਸੀ। ਦੱਸਿਆ ਜਾਂਦਾ ਹੈ ਕਿ 1984 ਦੇ ਵਿੱਚ ਸੈਂਕੜੇ ਹੀ ਬੇਦੋਸ਼ੇ ਸਿੱਖਾਂ 'ਤੇ ਸਮੇਂ ਦੀ ਹਕੂਮਤ ਵੱਲੋਂ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉੱਥੇ ਹੀ ਦੂਜੇ ਪਾਸੇ ਫ਼ੌਜ ਦੇ ਵੱਲੋਂ ਗੋਲੇ ਬਰੂਦ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ ਗਿਆ। 

ਵੇਖਿਆ ਜਾਵੇ ਤਾਂ ਹੁਣ 84 ਲੰਘੀ ਨੂੰ ਕਰੀਬ 35 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਨ੍ਹਾਂ 35 ਸਾਲਾਂ ਦੇ ਦੌਰਾਨ ਸਮੇਂ ਦੀਆਂ ਸਰਕਾਰਾਂ ਜਿੱਥੇ ਸਿੱਖਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀਆਂ, ਉੱਥੇ ਹੀ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਸਿੱਖਾਂ ਦੇ ਨਾਲ ਮਤਰੇਈਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜਿਸ ਤੋਂ ਭੜਕੇ ਕੁਝ ਸਿੱਖਾਂ ਦੇ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਸਰਕਾਰ ਦੀਆਂ ਨੀਤੀਆਂ 'ਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਇਸ ਨੂੰ ਲੈ ਕੇ ਭਾਵੇਂ ਹੀ ਸਰਕਾਰ ਦੇ ਵੱਲੋਂ ਭੜਕਾਓ ਭਾਸ਼ਣ ਦੇਣ ਵਾਲਿਆਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ, ਪਰ ਸਚਾਈ ਨੂੰ ਸਰਕਾਰ ਦੇ ਵੱਲੋਂ ਛੁਪਾਇਆ ਜਾ ਰਿਹਾ ਹੈ।

ਦੱਸ ਦਈਏ ਕਿ 1984 ਸਿੱਖ ਕਤਲੇਆਮ ਦੇ 35 ਸਾਲ ਬੀਤ ਜਾਣ ਦੇ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀਆਂ। ਦੱਸਿਆ ਜਾਂਦਾ ਹੈ ਕਿ ਇਸ ਵੇਲੇ ਵੀ ਪੰਜਾਬ ਦੇ ਅੰਦਰ 84 ਵਰਗਾ ਮਾਹੌਲ ਹੀ ਬਣਦਾ ਜਾ ਰਿਹਾ ਹੈ। ਪੰਜਾਬ ਦੇ ਅੰਦਰ ਕਈ ਨੌਜਵਾਨ ਜੋ ਇਨਸਾਫ਼ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੂੰ ਪੁਲਿਸ ਦੇ ਵੱਲੋਂ ਫੜ ਕੇ ਜੇਲ੍ਹਾਂ ਅੰਦਰ ਸੁੱਟ ਕੇ ਅੱਤਵਾਦੀ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਜਿਸ ਤੋਂ ਤੰਗ ਆਏ ਕਈ ਨੌਜਵਾਨਾਂ ਦੇ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। 

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਅੰਦਰ ਬਲਦੀ ਅੱਗ ਨੂੰ ਵੇਖ ਕੇ ਸਰਕਾਰਾਂ ਵੀ ਘਬਰਾਈਆਂ ਪਈਆਂ ਹਨ ਅਤੇ ਉਹ ਨਿੱਤ ਦਿਨੀਂ ਹੀ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਰਹੀਆਂ ਹਨ। ਪੰਜਾਬ ਵਿੱਚ ਸਮੇਂ-ਸਮੇਂ 'ਤੇ ਹਮਲੇ ਹੋਣ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਸਮੇਂ ਜਿੱਥੇ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਵਿੱਚ ਨਿਰੰਕਾਰੀ ਭਵਨ 'ਤੇ ਹਮਲਾ ਹੋਇਆ, ਜਿਸ ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਕਤ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਦੇ ਵੱਲੋਂ ਹੀ ਨਿਰੰਕਾਰੀ ਭਵਨ ਉੱਪਰ ਹਮਲਾ ਕੀਤਾ ਗਿਆ ਹੈ। 

ਪਰ ਹਮਲਾ ਕਿਉਂ ਕੀਤਾ ਗਿਆ, ਇਸ ਦੇ ਬਾਰੇ ਹੁਣ ਤੱਕ ਪਤਾ ਨਹੀਂ ਲੱਗ ਸਕਿਆ। ਦੋਸਤੋਂ, ਇਸੇ ਤਰ੍ਹਾਂ ਹੀ ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣੇ ਦੀ ਪੁਲਿਸ ਦੇ ਵੱਲੋਂ ਦੋ ਹੈਂਡ ਗ੍ਰਨੇਡਾਂ ਨੂੰ ਬਰਾਮਦ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਕਤ ਹੈਂਡ ਗ੍ਰਨੇਡਾਂ ਨੂੰ ਲਿਆਂਦਾ ਜਾ ਰਿਹਾ ਸੀ ਅਤੇ ਉਕਤ ਨੌਜਵਾਨਾਂ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਅਤੇ ਹੈਂਡ ਗ੍ਰਨੇਡਾਂ ਵਾਲਾ "ਝੋਲਾ" ਸੁੱਟ ਕੇ ਫ਼ਰਾਰ ਹੋ ਗਏ। ਫ਼ਰਾਰ ਹੋਣ ਵਾਲੇ ਨੌਜਵਾਨਾਂ ਦਾ ਭਾਵੇਂ ਹੀ ਹੁਣ ਤੱਕ ਪਤਾ ਨਹੀਂ ਲੱਗ ਸਕਿਆ। 

ਪਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਬਿਆਨ ਜਾਰੀ ਕਰਕੇ ਆਖਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੀਆਂ ਭਾਰਤ ਵਿਰੋਧੀ ਜੱਥੇਬੰਦੀਆਂ ਭਾਰਤੀ ਮੁੰਡਿਆਂ ਨੂੰ ਪੈਸਿਆਂ ਦੇ ਲਾਲਚ ਦੇ ਕੇ ਪਹਿਲਾਂ ਸਮਗਲਿੰਗ ਕਰਵਾਉਂਦੀਆਂ ਸਨ ਅਤੇ ਹੁਣ ਉਨ੍ਹਾਂ ਰਾਹੀਂ ਹੀ ਹਥਿਆਰ ਭੇਜੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪੁਲਿਸ ਨੇ ਮੰਨਿਆ ਕਿ ਪੰਜਾਬ ਦੇ ਅੰਦਰ ਘੱਲੂਘਾਰਾ ਦਿਵਸ ਮੌਕੇ ਅਸ਼ਾਂਤੀ ਫੈਲਾਉਣ ਦੀ ਕੁਝ ਪਾਕਿਸਤਾਨੀ ਜੱਥੇਬੰਦੀਆਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।