ਸਿਹਤ ਵਿਭਾਗ ਵੱਲੋਂ ਪੰਜਾਬ ਰਾਜ ਨੂੰ ਸਾਲ 2021 ਤੱਕ ਮਲੇਰੀਆ ਮੁਕਤ ਕਰਨਾ ਟੀਚਾ.!!!

Last Updated: Jun 03 2019 17:48
Reading time: 1 min, 34 secs

ਸਿਹਤ ਵਿਭਾਗ ਪੰਜਾਬ ਵੱਲੋਂ ਹਰ ਸਾਲ ਜੂਨ ਮਹੀਨੇ ਨੂੰ ਐਂਟੀ ਮਲੇਰੀਆ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਅੱਜ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਮੀਨਾਕਸ਼ੀ ਢੀਂਗਰਾ, ਜ਼ਿਲ੍ਹਾ ਐਪੀਡਮਾਲੋਜਿਸ਼ਟ ਦੀ ਯੋਗ ਅਗਵਾਈ ਹੇਠ ਬਸਤੀ ਭੱਟੀਆਂ ਵਾਲੀ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਮਲਟੀਪਰਪਜ਼ ਹੈਲਥ ਵਰਕਰ ਰਮਨ ਕੁਮਾਰ ਵੱਲੋਂ ਕੈਂਪ ਵਿੱਚ ਆਏ ਲੋਕਾਂ ਨੂੰ ਦੱਸਿਆ ਕਿ ਪੰਜਾਬ ਰਾਜ ਵੱਲੋਂ ਮਲੇਰੀਆ ਐਲੀਮੀਨੇਸ਼ਨ ਕੈਮਪੇਨ ਲਾਂਚ ਕਰ ਦਿੱਤਾ ਗਿਆ ਹੈ, ਜਿਸ ਅਧੀਨ ਪੰਜਾਬ ਰਾਜ ਨੂੰ 2021 ਤੱਕ ਮਲੇਰੀਆ ਮੁਕਤ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖ਼ਾਰ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਠੰਢ ਅਤੇ ਕਾਂਬੇ ਨਾਲ ਬੁਖ਼ਾਰ ਹੋਣਾ, ਤੇਜ਼ ਬੁਖ਼ਾਰ, ਉਲਟੀਆਂ, ਸਿਰ ਦਰਦ ਹੋਣਾ, ਬੁਖ਼ਾਰ ਉੱਤਰਨ ਤੋਂ ਬਾਅਦ ਕਮਜ਼ੋਰੀ ਮਹਿਸੂਸ ਹੋਣੀ ਅਤੇ ਪਸੀਨਾ ਆਉਣਾ ਮਲੇਰੀਆ ਦੇ ਲੱਛਣ ਹਨ। ਮਲੇਰੀਆ ਜਿਹੀ ਬਿਮਾਰੀ ਤੋਂ ਬਚਣ ਲਈ ਸਾਨੂੰ ਘਰਾਂ ਦੇ ਆਲ਼ੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਪੜਾਂ ਵਿੱਚ ਖੜੇ ਪਾਣੀ ਵਿੱਚ ਹਫ਼ਤੇ ਵਿੱਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਵ ਕੀਤਾ ਜਾਵੇ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।
 
ਇਸ ਤੋਂ ਇਲਾਵਾ ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਮਰੀਜ਼ ਨੂੰ ਉਪਰੋਕਤ ਲੱਛਣ ਹੁੰਦੇ ਹਨ ਤਾਂ ਉਹ ਤੁਰੰਤ ਆਪਣਾ ਟੈੱਸਟ ਅਤੇ ਇਲਾਜ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਊ, ਜੋ ਕਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਮਲੇਰੀਆ ਮਰੀਜ਼ ਦੇ ਇਲਾਜ ਲਈ ਰੈਡੀਕਲ ਟਰੀਟਮੈਂਟ ਜ਼ਰੂਰੀ ਹੈ ਤਾਂ ਜੋ ਮਰੀਜ਼ ਵਿੱਚ ਮਲੇਰੀਆ ਦੇ ਪੈਰਾਸਾਈਟ ਨਸ਼ਟ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਵੱਲੋਂ ਫ਼ਿਰੋਜ਼ਪੁਰ ਵਿੱਚ ਬਣੇ ਸਾਰੇ ਛੱਪੜਾਂ ਵਿੱਚ ਜਿਨ੍ਹਾਂ ਵਿੱਚ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਨਹੀਂ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚ ਗੰਬੂਜੀਆਂ ਮੱਛੀਆਂ ਛੱਡੀਆਂ ਜਾ ਰਹੀਆਂ ਹਨ, ਕਿਉਂਕਿ ਇਹ ਮੱਛੀਆਂ ਜਿੱਥੇ ਮੱਛਰ ਦੇ ਲਾਰਵੇ ਨੂੰ ਖ਼ਤਮ ਕਰਦੀਆਂ ਹਨ, ਉੱਥੇ ਹੀ ਇਸ ਨਾਲ ਲੋਕਾਂ ਨੂੰ ਮਲੇਰੀਆਂ ਅਤੇ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਕਾਫ਼ੀ ਰਾਹਤ ਮਿਲੇਗੀ। ਇਸ ਮੌਕੇ ਦੀਪਕ ਸ਼ਰਮਾ, ਸਤਪਾਲ ਆਦਿ ਹਾਜ਼ਰ ਸਨ।