ਸੋਸ਼ਲ ਮੀਡੀਆ ਤੇ ਬੂਟੇ ਲਗਾਉਣ ਦੀ ਬਜਾਏ ਜਮੀਨ ਤੇ ਲਗਾਓ ਤੇ ਦੇਖਭਾਲ ਕਰੋ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 03 2019 12:53
Reading time: 2 mins, 9 secs

ਗਰਮੀ ਬਹੁਤ ਵੱਧ ਰਹੀ ਹੈ ਕਿਰਪਾ ਕਰਕੇ ਰੁੱਖ ਲਗਾਓ, ਇਹ ਸੁਨੇਹਾ ਅੱਗੇ ਹੋਰ ਲੋਕਾਂ ਨੂੰ ਭੇਜੋ, ਹੁਣ ਤਾਪਮਾਨ 45 ਹੈ ਇਹ 60 ਹੋ ਸਕਦਾ ਇਸ ਲਈ AC ਨਹੀਂ ਰੁੱਖ ਲਗਾਓ। ਜਿਸ ਦਿਨ ਤੋਂ ਗਰਮੀ ਵਧੀ ਹੈ ਉਸ ਦਿਨ ਤੋਂ ਸੋਸ਼ਲ ਮੀਡੀਆ ਉੱਤੇ ਇਹ ਸੁਨੇਹੇ ਲਗਾਤਾਰ ਵਾਇਰਲ ਹੋ ਰਹੇ ਹਨ। ਫੇਸਬੁੱਕ, ਵਟਸਐੱਪ, ਇੰਸਟਾਗ੍ਰਾਮ ਆਦਿ ਖੋਲਦੇ ਹੀ ਇਹਨਾਂ ਸੁਨੇਹਿਆਂ ਦਾ ਹੜ੍ਹ ਦੇਖਣ ਨੂੰ ਮਿਲਦਾ ਹੈ।  ਇਹਨਾਂ ਸੋਸ਼ਲ ਮੀਡੀਆ ਜੰਗਲਾਤ ਕਰਮੀਆਂ ਨੇ ਤਾਂ ਦਿਨਾਂ ਵਿੱਚ ਹੀ ਸੋਸ਼ਲ ਮੀਡੀਆ ਤੇ ਕਰੋੜਾਂ ਰੁੱਖ ਲਗਾ ਦਿੱਤੇ ਹਨ ਪਰ ਜਮੀਨ ਤੇ ਇਹਨਾਂ ਵਿੱਚੋਂ ਸ਼ਾਇਦ ਇੱਕ ਵੀ ਰੁੱਖ ਦੇਖਣ ਨੂੰ ਨਹੀਂ ਮਿਲ ਰਿਹਾ । ਦੋਸਤੋਂ, ਸੋਸ਼ਲ ਮੀਡੀਆ ਤੇ ਅਜਿਹੇ ਜਾਗਰੂਕਤਾ ਵਾਲੇ ਸੁਨੇਹੇ ਭੇਜਣਾ ਕੋਈ ਗ਼ਲਤ ਗੱਲ ਨਹੀਂ ਹੈ ਪਰ ਇਹਨਾਂ ਨੂੰ ਭੇਜਣ ਤੋਂ ਪਹਿਲਾ ਖੁਦ ਇਹਨਾਂ ਤੇ ਅਮਲ ਕਰਨਾ ਅਤੇ ਹੋ ਸਕੇ ਤਾਂ ਇੱਕ ਸੀਜ਼ਨ ਵਿੱਚ ਇੱਕ ਇਨਸਾਨ ਵੱਲੋਂ ਸੁਨੇਹੇ ਵਾਲੇ 10-15 ਨਾ ਸਹੀ ਬਲਕਿ ਸਿਰਫ ਇੱਕ ਹੀ ਬੂਟਾ ਲਗਾ ਕੇ ਉਸਦੀ ਪੂਰੀ ਦੇਖਭਾਲ ਕਰ ਉਸਨੂੰ ਦਰਖ਼ਤ ਬਣਾ ਦਿੱਤਾ ਜਾਵੇ ਤਾਂ ਦਰੱਖਤਾਂ ਦੀ ਕਮੀ ਆਪਣੇ ਆਪ ਹੀ ਦੂਰ ਹੋ ਜਾਵੇਗੀ। 

ਬੂਟੇ ਲਗਾ ਕੇ ਸੋਸ਼ਲ ਮੀਡੀਆ ਤੇ ਫੋਟੋ ਪਾ ਕੇ ਇੱਕ ਵਾਰ ਦਿਖਾਵਾ ਕਰਨਾ ਕੇ ਅਸੀਂ ਬੂਟੇ ਲਗਾਏ ਨੇ ਤੇ ਬਾਅਦ 'ਚ ਉਨ੍ਹਾਂ ਬੂਟਿਆਂ ਦੀ ਕੋਈ ਸਾਰ ਨਾ ਲੈਣਾ ਕੋਈ ਬਹੁਤਾ ਵਧੀਆ ਕਦਮ ਨਹੀਂ ਹੈ।  ਇਸਦੇ ਨਾਲੋਂ ਚੰਗਾ ਹੈ ਕੇ ਇੱਕ ਬੂਟਾ ਲਗਾਓ, ਆਪਣੀ ਫੋਟੋ ਕਰੋ ਪਰ ਉਸਨੂੰ ਸੋਸ਼ਲ ਮੀਡੀਆ ਤੇ ਉਸੇ ਸਮੇਂ ਨਾ ਪਾਓ ਬਲਕਿ ਅਗਲੇ ਇੱਕ ਸਾਲ ਤੱਕ ਉਸ ਬੂਟੇ ਦੀ ਪੂਰੀ ਦੇਖਭਾਲ ਕਰੋ ਅਤੇ ਫਿਰ ਅਗਲੇ ਸਾਲ ਉਸ ਚੱਲ ਚੁੱਕੇ ਹਰੇ ਭਰੇ ਬੂਟੇ ਨਾਲ ਇੱਕ ਫੋਟੋ ਹੋਰ ਕਰੋ ਤੇ ਬੂਟਾ ਲਗਾਉਣ ਤੇ ਇੱਕ ਸਾਲ ਵਿੱਚ ਦੇਖਭਾਲ ਕਰ ਉਸ ਬੂਟੇ ਨੂੰ ਦਰਖ਼ਤ ਬਣਨ ਦੇ ਰਾਹ ਪਾਉਣ ਦੀਆਂ ਦੋਵੇਂ ਫੋਟੋ ਇਕੱਠੀਆਂ ਸੋਸ਼ਲ ਮੀਡੀਆ ਤੇ ਪਾਓ। ਇਸਦੇ ਨਾਲ ਤੁਹਾਨੂੰ ਵੀ ਆਪਣੇ ਲਗਾਏ ਬੂਟੇ ਦੀ ਚੱਲਣ ਦੀ ਖੁਸ਼ੀ ਹੋਵੇਗੀ ਤੇ ਤੁਹਾਡੇ ਕੋਲੋਂ ਪ੍ਰੇਰਨਾ ਲੈ ਕੇ ਕੋਈ ਹੋਰ ਵੀ ਅਜਿਹਾ ਚੰਗਾ ਕਦਮ ਚੁੱਕੇਗਾ। ਹੁਣ ਤੁਸੀਂ ਸਭ ਸ਼ਾਇਦ ਇਹ ਸੋਚੋ ਕੇ ਲਿਖਣ ਵਾਲੇ ਨੇ ਲਿਖ ਕੇ ਸਲਾਹ ਤਾਂ ਦੇ ਦਿੱਤੀ ਪਰ ਕੀ ਉਹ ਖੁਦ ਅਜਿਹਾ ਕਰਦਾ ਹੈ ਤਾਂ ਦੋਸਤੋਂ ਮੇਰੇ ਵੱਲੋਂ ਪਿਛਲੇ ਤਿੰਨ ਸਾਲ ਵਿੱਚ ਨਾਲੀਆਂ ਦੇ ਕਿਨਾਰੇ ਤੋਂ ਉੱਘੇ ਤਿੰਨ ਡੇਕ ਦੇ ਦਰੱਖਤ ਖੁੰਘ ਕੇ ਕਿਸੇ ਸਹੀ ਜਗ੍ਹਾ ਲਗਾ ਦੇਖਭਾਲ ਕੀਤੀ ਗਈ ਤੇ ਹੁਣ ਇਹ ਬੜੇ ਵਧੀਆ ਚੱਲ ਰਹੇ ਹਨ ਅਤੇ ਇਸ ਸਾਲ ਬਾਰਿਸ਼ਾਂ ਦੇ ਵਿੱਚ ਕੋਸ਼ਿਸ਼ ਹੋਵੇਗੀ ਕੇ ਇੱਕ ਦੋ ਬੂਟੇ ਹੋਰ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰ ਉਨ੍ਹਾਂ ਨੂੰ ਚਲਾਇਆ ਜਾਵੇ। ਨਿਊਜ਼ਨੰਬਰ ਵੀ ਆਪਣੇ ਸਾਰੇ ਪਾਠਕਾਂ ਨੂੰ ਬੇਨਤੀ ਕਰਦਾ ਹੈ ਕੇ ਵਾਤਾਵਰਨ ਸੰਭਾਲ ਦੇ ਲਈ ਸੋਸ਼ਲ ਮੀਡੀਆ ਤੇ ਬੂਟੇ ਲਗਾਉਣ ਦੀ ਜਗ੍ਹਾ ਜਮੀਨ ਤੇ ਅਸਲੀ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰੋ ਅਤੇ ਉਸਦੇ ਨਾਲ ਆਪਣੀਆਂ ਆਉਣ ਵਾਲੀਆਂ ਪੀੜੀਆਂ ਅਤੇ ਆਪਣੇ ਲਈ ਬਹੁਤ ਜ਼ਿਆਦਾ ਲਾਭਕਾਰੀ ਨਤੀਜੇ ਆਉਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।