ਨਗਰ ਕੌਂਸਲਾਂ ਨੇ ਚਲਾਇਆ ਸਫ਼ਾਈ ਅਭਿਆਨ, ਸ਼ਹਿਰਾਂ ਨੂੰ ਕੂੜਾ ਮੁਕਤ ਕਰਨ ਲਈ ਵਿੱਢੀ ਮੁਹਿੰਮ

Last Updated: Jun 02 2019 13:21
Reading time: 1 min, 13 secs

ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮਨੋਰਥ ਨਾਲ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਵੱਲੋਂ ਸਫ਼ਾਈ ਅਭਿਆਨ ਚਲਾਇਆ ਗਿਆ ਤੇ ਲੋਕਾਂ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੀ ਦੁਨੀਆ ਅੰਦਰ 5 ਜੂਨ ਨੂੰ 'ਵਿਸ਼ਵ ਵਾਤਾਵਰਣ ਦਿਵਸ' ਮਨਾਇਆ ਜਾਂਦਾ ਹੈ। ਇਸ ਲਈ ਲੋਕਾਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਆਪਣੇ ਘਰਾਂ ਸਮੇਤ ਆਲੇ-ਦੁਆਲੇ ਦੀ ਸਫ਼ਾਈ ਰੱਖਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪੂਰੇ ਜ਼ਿਲ੍ਹੇ ਅੰਦਰ ਵਾਤਾਵਰਣ ਸਾਫ਼ ਰੱਖਣ ਦੀ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸ਼ਹਿਰਾਂ ਤੇ ਕਸਬਿਆਂ ਨੂੰ ਕੂੜਿਆਂ ਦੇ ਢੇਰ ਤੋਂ ਮੁਕਤ ਕਰਨ ਲਈ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤੇ ਲੋਕਾਂ ਨੂੰ ਕੂੜਾ ਸੜਕਾਂ/ਗਲੀਆਂ ਵਿੱਚ ਨਾ ਸੁੱਟਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ਅਤੇ ਜਿੱਥੇ ਡਸਟਬਿਨ ਰੱਖੇ ਹਨ, ਉਸ ਵਿੱਚ ਹੀ ਕੂੜਾ ਸੁੱਟਿਆ ਜਾਵੇ ਅਤੇ ਆਪਣੇ ਸ਼ਹਿਰ ਨੂੰ ਕੂੜਾ ਮੁਕਤ ਬਣਾਇਆ ਜਾਵੇ। 

ਇਸ ਮੌਕੇ ਨਗਰ ਕੌਂਸਲ ਦੀਨਾਨਗਰ ਦੇ ਈ.ਓ ਸ੍ਰੀ ਅਨਿਲ ਮਹਿਤਾ ਨੇ ਦੱਸਿਆ ਕਿ ਦੀਨਾਨਗਰ ਵਿਖੇ ਲੋਕਾਂ ਨੂੰ ਸਫ਼ਾਈ ਰੱਖਣ ਅਤੇ ਕੂੜਾ ਆਦਿ ਗਲੀਆਂ ਤੇ ਸੜਕਾਂ ਤੇ ਨਾ ਸੁੱਟਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਘਰਾਂ ਤੇ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਦੂਸ਼ਿਤ ਹੋਣ ਕਾਰਨ ਬਿਮਾਰੀਆਂ ਪੈਦਾ ਹੁੰਦੀਆਂ ਹਨ, ਜਿਸ ਤੋਂ ਸਾਨੂੰ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੌਦੇ ਲਗਾਉਣੇ ਜ਼ਰੂਰੀ ਹਨ, ਉਸਦੇ ਨਾਲ-ਨਾਲ ਪੌਦਿਆਂ ਦੀ ਸੰਭਾਲ ਵੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਬੱਸ ਅੱਡੇ ਤੇ ਨੇੜਲੇ ਸਥਾਨਾਂ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ।