ਦੇਸ਼ ਸੇਵਾ ਤੋਂ ਬਾਅਦ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਹਾਮੀ ਬਣਿਆ ਸਾਬਕਾ ਫ਼ੌਜੀ ਦਵਿੰਦਰ ਸਿੰਘ

Last Updated: Jun 02 2019 12:23
Reading time: 2 mins, 3 secs

ਅਜੋਕੀ ਦੌੜ-ਭੱਜ ਵਾਲੀ ਅਤੇ ਵਿਅਸਤ ਜ਼ਿੰਦਗੀ ਵਿੱਚ ਜਿੱਥੇ ਜ਼ਿਆਦਾਤਰ ਲੋਕ ਆਪਣੇ ਸਕੇ-ਸੰਬੰਧੀਆਂ ਅਤੇ ਦੋਸਤਾਂ-ਮਿੱਤਰਾਂ ਲਈ ਵੀ ਬਹੁਤਾ ਸਮਾਂ ਨਹੀਂ ਕੱਢ ਪਾਉਂਦੇ, ਉੱਥੇ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜਿਹੜੇ ਅਜਿਹੇ ਸਵਾਰਥੀ ਯੁੱਗ ਵਿੱਚ ਵੀ ਸਿਰਫ ਆਪਣੇ ਲਈ ਸੋਚਣ ਅਤੇ ਧਨ-ਦੌਲਤ ਇਕੱਠਾ ਕਰਨ ਦੀ ਦੌੜ ਤੋਂ ਨਿਰਲੇਪ ਰਹਿ ਕੇ ਇੱਕ ਨਿਸ਼ਕਾਮ ਭਾਵਨਾ ਨਾਲ ਆਪਣਾ ਕੀਮਤੀ ਸਮਾਂ ਸਮਾਜ ਭਲਾਈ ਦੇ ਕੰਮਾਂ ਅਤੇ ਹੋਰਨਾਂ ਦੀ ਬਿਹਤਰੀ ਦੇ ਲੇਖੇ ਲਗਾ ਰਹੇ ਹਨ। ਅਸੀਂ ਗੱਲ ਕਰਨ ਜਾ ਰਹੇ ਹਾਂ ਬਟਾਲਾ ਸ਼ਹਿਰ ਦੇ ਸਾਬਕਾ ਫ਼ੌਜੀ ਅਤੇ ਉੱਘੇ ਬਾਸਕਿਟਬਾਲ ਖਿਡਾਰੀ ਦਵਿੰਦਰ ਸਿੰਘ ਦੀ ਜੋ 19 ਸਾਲ ਦੇ ਕਰੀਬ ਭਾਰਤੀ ਫੌਜ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਵਰਤਮਾਨ ਸਮੇਂ ਬਟਾਲਾ ਦੇ ਸੈਂਕੜੇ ਨੌਜਵਾਨਾਂ ਨੂੰ ਬਿਨਾਂ ਕਿਸੇ ਲਾਲਚ ਜਾਂ ਸਵਾਰਥ ਦੇ ਬਾਸਕਿਟਬਾਲ ਦੀ ਸਿਖਲਾਈ ਦੇ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਆਰਮੀ ਦੇ ਸਾਬਕਾ ਸੂਬੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਬਾਸਕਿਟਬਾਲ ਦੀ ਖੇਡ ਨਾਲ ਏਨਾ ਲਗਾਓ ਹੋ ਗਿਆ ਕਿ ਉਹ ਜ਼ਿਆਦਾਤਰ ਸਮਾਂ ਆਪਣੀ ਖੇਡ ਕਲਾ ਨੂੰ ਨਿਖਾਰਨ ਵਿੱਚ ਲਗਾਉਂਦੇ ਰਹੇ, ਅਤੇ ਬਾਸਕਿਟਬਾਲ ਖੇਡ ਵਿੱਚ ਵਧੀਆ ਮੁਹਾਰਤ ਹੋਣ ਕਰਕੇ ਹੀ ਸੰਨ੍ਹ 1988 ਵਿੱਚ ਦਵਿੰਦਰ ਸਿੰਘ ਦੀ ਚੋਣ ਭਾਰਤੀ ਫੌਜ ਵਿੱਚ ਹੋ ਗਈ। ਭਾਰਤੀ ਫੌਜ ਵਿੱਚ ਦੋ ਦਹਾਕਿਆਂ ਦੇ ਕਰੀਬ ਸੇਵਾਵਾਂ ਨਿਭਾਉਂਦਿਆਂ ਵੀ ਇਹ ਗੁਰਸਿੱਖ ਨੌਜਵਾਨ ਦਵਿੰਦਰ ਸਿੰਘ ਬਾਸਕਿਟਬਾਲ ਦੀ ਖੇਡ ਨਾਲ ਨਿਰੰਤਰ ਜੁੜਿਆ ਰਿਹਾ, ਅਤੇ ਸੰਨ 2007 ਦੌਰਾਨ ਭਾਰਤੀ ਫੌਜ ਵਿੱਚੋਂ ਸੂਬੇਦਾਰ ਵਜ਼ੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਦਵਿੰਦਰ ਸਿੰਘ ਦਾ ਬਾਸਕਿਟਬਾਲ ਦੀ ਖੇਡ ਪ੍ਰਤੀ ਪਿਆਰ ਜਿਉਂ ਦਾ ਤਿਉਂ ਬਰਕਰਾਰ ਹੈ। 

ਇਸ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਦਵਿੰਦਰ ਸਿੰਘ ਅਤੇ ਉਸ ਨਾਲ ਸਕੂਲ ਦੇ ਸਮੇਂ ਤੋਂ ਬਾਸਕਿਟਬਾਲ ਖੇਡਦੇ ਰਹੇ ਉਸ ਦੇ ਕਈ ਪੁਰਾਣੇ ਦੋਸਤਾਂ ਨੇ ਮਿਲ ਕੇ "ਬਾਸਕਿਟਬਾਲ ਸਪੋਰਟਸ ਕਲੱਬ ਬਟਾਲਾ" ਦਾ ਗਠਨ ਕੀਤਾ ਹੈ। ਇਸ ਕਲੱਬ ਵੱਲੋਂ ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਦੇ ਪੁਰਾਣੇ ਬਾਸਕਿਟਬਾਲ ਕੋਰਟ ਦਾ ਕਾਇਆ-ਕਲਪ ਕਰਕੇ ਇੱਥੇ ਇਲਾਕੇ ਦੇ ਨੌਜਵਾਨ ਬੱਚਿਆਂ ਨੂੰ ਬਾਸਕਿਟਬਾਲ ਦੀ ਫਰੀ ਸਿਖਲਾਈ ਦਿੱਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਕਲੱਬ ਨਾਲ ਜੁੜੇ ਦਵਿੰਦਰ ਸਿੰਘ ਦੇ ਸਾਰੇ ਦੋਸਤ ਵੀ ਵੱਖ-ਵੱਖ ਵਿਭਾਗਾਂ ਵਿੱਚ ਚੰਗੇ ਆਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ, ਅਤੇ ਕਲੱਬ ਦੀਆਂ ਗਤੀਵਿਧੀਆਂ ਨੂੰ ਜ਼ਾਰੀ ਰੱਖਣ ਲਈ ਸਾਰੇ ਮੈਂਬਰ ਮਿਲ ਕੇ ਯੋਗਦਾਨ ਪਾ ਰਹੇ ਹਨ, ਪਰ ਸਿਖਲਾਈ ਦੀ ਸਾਰੀ ਜਿੰਮੇਵਾਰੀ ਦਵਿੰਦਰ ਸਿੰਘ ਹੀ ਨਿਭਾ ਰਹੇ। ਬਾਸਕਿਟਬਾਲ ਦੀ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਾਬਕਾ ਫ਼ੌਜੀ ਦਵਿੰਦਰ ਸਿੰਘ ਹਰ ਸ਼ਾਮ 2 ਤੋਂ 3 ਘੰਟੇ ਇਲਾਕੇ ਦੇ ਨੌਜਵਾਨ ਬੱਚਿਆਂ ਨੂੰ ਬਾਸਕਿਟਬਾਲ ਦੀ ਸਿਖਲਾਈ ਦੇ ਰਹੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਬਾਸਕਿਟਬਾਲ ਦੀ ਫਰੀ ਵਿੱਚ ਦਿੱਤੀ ਜਾ ਰਹੀ ਸਿਖਲਾਈ ਦਾ ਲਾਹਾ ਪ੍ਰਾਪਤ ਕਰਨ ਲਈ ਆਉਂਦੇ ਹਨ, ਅਤੇ ਵਧੀਆ ਖੇਡਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਕਲੱਬ ਵੱਲੋਂ ਵੱਖ-ਵੱਖ ਟੂਰਨਾਮੈਂਟਾਂ ਵਿੱਚ ਵੀ ਭੇਜਿਆ ਜਾਂਦਾ ਹੈ।