ਮਨੁੱਖੀ ਚੇਨ ਬਣਾ ਕੇ ਵਿਦਿਆਰਥੀਆਂ ਨੇ ਲੋਕਾਂ ਨੂੰ ਤੰਬਾਕੂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼

Last Updated: Jun 02 2019 11:32
Reading time: 1 min, 29 secs

ਸੜਕ ਹਾਦਸਿਆਂ ਦੌਰਾਨ ਬਿਨਾਂ ਵਜਾ ਜਾਣ ਵਾਲੀਆਂ ਇਨਸਾਨੀ ਜਾਨਾਂ ਦੇ ਗ੍ਰਾਫ 'ਚ ਕਮੀ ਲਿਆਉਣ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਦੂਸ਼ਣ ਤੇ ਨਸ਼ਿਆਂ ਕਾਰਨ ਇਨਸਾਨੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਟਰੈਫਿਕ ਪੁਲਿਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫ਼ੇਜ਼-11 'ਚ ਟਰੈਫਿਕ ਜਾਗਰੂਕਤਾ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਟਰੈਫਿਕ ਜਾਗਰੂਕਤਾ ਪ੍ਰੋਗ੍ਰਾਮ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏਐਸਆਈ ਜਨਕ ਰਾਜ ਵੱਲੋਂ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਪ੍ਰਦੂਸ਼ਣ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਿਆ। ਇਸ ਮੌਕੇ ਏਐਸਆਈ ਜਨਕ ਰਾਜ ਨੇ ਸਕੂਲ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹਰੇਕ ਵਿਅਕਤੀ ਨੂੰ ਹੈਲਮਟ ਪਹਿਨਣਾ ਚਾਹੀਦਾ ਹੈ ਅਤੇ ਚਾਰ ਪਹੀਆ ਵਾਹਨ 'ਚ ਸਫਰ ਕਰਦੇ ਹੋਏ ਸੀਟ ਬੈਲਟ ਲਗਾਕੇ ਰੱਖਣੀ ਚਾਹੀਦੀ ਹੈ। ਇਸਦੇ ਨਾਲ ਹੀ ਸਕੂਲ ਵਿਦਿਆਰਥੀ ਕੋਈ ਵੀ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰਨ, ਪ੍ਰੈਸ਼ਰ ਹਾਰਨਾਂ ਦਾ ਇਸਤੇਮਾਲ ਨਾ ਕੀਤਾ ਜਾਵੇ, ਰੈਡ ਲਾਈਟ ਦੀ ਉਲੰਘਣਾ ਨਾ ਕਰਨ, ਗਲਤ ਸਾਈਡ ਡਰਾਈਵਿੰਗ ਨਾ ਕਰਨ, ਮੋਟਰਸਾਈਕਲ ਨਾਲ ਪਟਾਕੇ ਨਾ ਵਜਾਉਣ, ਡਰਾਈਵਿੰਗ ਕਰਦੇ ਸਮੇਂ ਵਾਹਨ ਦੇ ਕਾਗਜ਼ਾਤ ਪੂਰੇ ਰੱਖਣ। ਇਸਤੋਂ ਇਲਾਵਾ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਦੇਣ।

ਸੈਮੀਨਾਰ ਦੌਰਾਨ ਏਐਸਆਈ ਜਨਕ ਰਾਜ ਨੇ ਵਿਦਿਆਰਥੀਆਂ ਨੂੰ ਵਾਹਨ ਚਲਾਉਂਦੇ ਸਮੇਂ ਹਮੇਸ਼ਾਂ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਦਿਨੋ ਦਿਨ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਜਾਗਰੂਕ ਕੀਤਾ। ਇਸਤੋਂ ਇਲਾਵਾ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਨੁੱਖੀ ਚੇਨ ਬਣਾ ਕੇ ਪੋਸਟਰਾਂ ਰਾਹੀਂ ਲੋਕਾਂ ਨੂੰ ਤੰਬਾਕੂ ਕਾਰਨ ਹੋਣ ਵਾਲੀਆਂ ਬੀਮਾਰੀਆਂ ਅਤੇ ਇਸਦੇ ਸੇਵਨ ਨਾਲ ਸਰੀਰ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਤੰਬਾਕੂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ।