ਕਾਸ਼ ! ਤੂੰ ਇੱਕ ਵਾਰ ਬੂਹਾ ਖੜਕਾ ਦਿੰਦੀ

Last Updated: Jun 01 2019 16:25
Reading time: 2 mins, 37 secs

ਮੈਂ ਉਹਨੂੰ ਜਾਣਦੀ ਨਹੀਂ ਸਾਂ, ਨਾਂ ਕਦੀ ਮਿਲੀ ਸਾਂ, ਉਹ ਮੇਰੇ ਲਈ ਉਨ੍ਹਾਂ ਸਾਰੀਆਂ ਬੀਬੀਆਂ 'ਚੋਂ ਹੀ ਇੱਕ ਸੀ ਬਸ ਜਿਨ੍ਹਾਂ ਦੀਆਂ ਕਹਾਣੀਆਂ ਮੈਂ ਲਿਖੀਆਂ। 

ਬਸ ਕੁੱਝ ਕੁ ਦਿਨ ਪਹਿਲਾਂ ਉਹ ਚਿਹਰਾ ਹਜਾਰਾਂ ਵਾਰ ਅੱਖਾਂ ਅੱਗਿਓਂ ਘੁੰਮਿਆ, ਇੱਕ ਮਾਂ ਨੇਂ ਆਪਣੇ ਚਾਰ ਸਾਲ ਦੇ ਪੁੱਤਰ ਨਾਲ ਆਪਣੀ ਜਿੰਦ ਨੂੰ ਨਹਿਰ ਦੇ ਹਵਾਲੇ ਕਰ ਦਿੱਤਾ,  ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਬੇਬਸ ਜਿਹਾ ਬਾਪੂ ਕੁੱਝ ਵੀ ਕਹਿਣ ਦੇ ਹਾਲ ਤੋਂ ਕੋਹਾਂ ਦੂਰ ਧੀ ਦੇ ਦੁਨੀਆਂ ਤੋਂ ਰੁਖਸਤ ਹੋ ਜਾਣ ਦੇ ਸੱਚ 'ਤੇ ਭਰੋਸਾ ਨੀਂ ਸੀ ਕਰ ਪਾ ਰਿਹਾ।
 
ਕਹਿਣ ਵਾਲੇ ਕਹਿ ਰਹੇ ਸੀ, "ਨਿੱਕੀ ਜਿਹੀ ਜਿੰਦ ਦਾ ਕੀ ਕਸੂਰ ਸੀ ? ਪੁੱਤਰ ਨਾਲ ਤਾਂ ਇਓਂ ਨਾਂ ਕਰਦੀ।" 

ਪਰ ਡਾਢੇ ਸ਼ਾਇਦ ਮਾਂ ਦੇ ਦਿਲ ਦੀਆਂ ਰਮਜਾਂ ਨਾਂ ਸਮਝ ਸਕੇ। ਜਿਹੜੀ ਆਪ ਮਾਪਿਆਂ ਵਾਲੀ ਹੋਕੇ ਵੀ ਤੀਹ ਬੱਤੀ ਸਾਲ ਦੀ ਉਮਰਾ 'ਚ ਇਸ ਜੀਵੜੇ ਦੀਆਂ ਕਰੁਖਤ ਹਵਾਵਾਂ ਨਾਂ ਝੱਲ ਸਕੀ ਉਹ ਚਾਰ ਸਾਲ ਦੀ ਜਿੰਦ ਨੂੰ ਕਿਵੇਂ ਝੱਲਣ ਲਈ ਛੱਡ ਦਿੰਦੀ ? ਉਹਦੇ ਦਿਲ 'ਚ ਕੀ ਆਇਆ ਹੋਣਾਂ ? ਉਨ੍ਹੇ ਕੀ ਸੋਚਿਆ ਹੋਣਾਂ ? ਖੌਰੇ ਕਿੰਨੀਂ ਵਾਰ ਆਪਣੇ ਪੁੱਤਰ ਦੇ ਮੁੱਖ ਨੂੰ ਚੁੰਮਿਆਂ ਹੋਣਾਂ ਇਹ ਦੁਨੀਆਂ ਦਾ ਕੋਈ ਰਹਿਬਰ ਵੀ ਨੀਂ ਸੋਚ ਸਕਦਾ। ਸਿਰਫ ਕੋਈ ਮਾਂ ਹੀ ਸਮਝ ਸਕਦੀ ਏ।

ਪਿਓ ਜਿਹਨੇਂ ਚਾਰ ਛਿੱਲੜਾਂ ਦੇ ਲਾਲਚ ਖਾਤਿਰ ਆਪਣੇਂ ਪੁੱਤਰ ਦੀ ਮਾਂ ਨੂੰ ਨਰਕ ਜਿਹੀ ਜਿੰਦਗੀ ਜਿਓਂਣ ਲਈ ਮਜਬੂਰ ਕਰ ਦਿੱਤਾ, ਉਹਦੀ ਆਸ 'ਤੇ ਨਿੱਕੀ ਜਿਹੀ ਜਿੰਦ ਨੂੰ ਛੱਡਣ ਦਾ ਹੌਸਲਾ ਨਾਂ ਕਰ ਸਕੀ ਸ਼ਾਇਦ। 

ਇਹ ਗੱਲਾਂ ਸੋਚਦੀ ਮੈਂ ਅਤੀਤ ਵੱਲ ਤੁਰ ਗਈ, ਬਿਨਾਂ ਮਾਂ ਦੀ ਧੀ ਤਮਾਮ ਉਮਰ ਬੇਗਾਨੇ ਘਰ 'ਚ ਤੀਹ ਚੋਂ ਵੀਹ ਦਿਨਾਂ ਨੂੰ ਹੰਝੂਆਂ ਸੰਗ ਕੱਟਦੀ ਆਪਣੇਂ ਬੱਚਿਆਂ ਸੰਗ ਹਰ ਕੁਰਬਾਨੀ ਕਰ ਗਈ, ਸਾਰੀ ਰਾਤ ਆਪਣੇ ਨਾਲ ਲਿਪਟੇ ਨਿਆਣਿਆਂ ਸੰਗ ਇਓਂ ਮੁਸਕਰਾਉਂਦੀ ਜਿਓਂ ਦੁਨੀਆਂ ਦੀ ਸਭ ਤੋਂ ਖੁਸ਼ਨਸੀਬ ਬੀਬੀ ਹੋਏ, ਵਕਤਾਂ ਬਾਅਦ ਆਓਂਦੇ ਬਾਪੂ ਨੂੰ ਇਓਂ ਹੁੱਬ ਹੁੱਬ ਸਭ ਠੀਕ ਹੋਣ ਦੀਆਂ ਗੱਲਾਂ ਕਰਦੀ ਜਿਓਂ ਫੁੱਲਾਂ ਦੀ ਸੇਜ 'ਤੇ ਪੈਰ ਟਿਕਾਈ ਰੱਖਦੀ ਹੋਏ, ਪਰ ਮੁੜਨ ਲੱਗਾ ਬਾਪੂ ਚੰਦ ਹੰਝੂਆਂ ਚੋਂ ਹੀ ਧੀ ਦੀ ਹਰ ਪੀੜ ਨੂੰ ਜਾਣ ਲੈਂਦਾ ਸੀ, ਸ਼ਾਇਦ ਇਸੇ ਲਈ ਹੀ ਬਾਕੀਆਂ ਸਾਰੀਆਂ ਧੀਆਂ ਨਾਲੋਂ ਆਪਣੇ ਬੋਝੇ ਚੋਂ ਉਸ ਧੀ ਦੀ ਮੁੱਠੀ ਨੂੰ ਕੁੱਝ ਜਿਆਦਾ ਭਾਰੀ ਕਰ ਜਾਂਦਾ, ਸੋਚਦਾ ਹੋਣਾਂ, ਡਾਢੇ ਦੀ ਲਿਖੀ ਕਿਸਮਤ ਨੂੰ ਸ਼ਾਇਦ ਥੋੜੀ ਸੌਖਿਆਂ ਕਰ ਦੇਣ ਦਾ ਚਾਰਾ ਲਾਉਂਦਾ ਸੀ ਵਿਚਾਰਾ। 

ਫਿਰ ਸੋਚਦੀ ਹਾਂ, ਖੌਰੇ ਕਿੰਨੀਂਆਂ ਕੁ ਧੀਆਂ ਇੰਝ ਦੇ ਜੀਵੜੇ 'ਚ ਡੁੱਬੀਆਂ ਪਲ ਪਲ ਘੁੱਟਦੀਆਂ ਨੇਂ, ਜਿੱਥੇ ਬੱਚਿਆਂ ਦਾ ਮੋਹ ਬਗਾਵਤ ਨੀਂ ਕਰਨ ਦਿੰਦਾਂ ਤੇ ਬੇਗਾਨੇ ਡਾਢੇ ਜਿਓਂਣ ਨੀਂ ਦਿੰਦੇਂ।

ਕਿਤੇ ਕਾਗਜ ਦੇ ਕੁੱਝ ਟੁਕੜਿਆਂ ( ਰੁਪਈਆਂ) ਤੋਂ ਸਸਤੀਆਂ ਹਾਂ ਅਸੀਂ ਤੇ ਕਿਤੇ ਬਾਪੂ ਦੀ ਇੱਜ਼ਤ ਮਹਿੰਗੀ ਪੈ ਜਾਂਦੀ ਏ ਸਾਡਿਆਂ ਫੈਸਲਿਆਂ ਤੇ, ਇਹ ਵੀ ਨੀਂ ਆਖ ਸਕਦੀਆਂ, 

  " ਅੱਬੇ ਬੇਗਾਨੇ ਵਿਹੜੇ ਦਮ ਘੁੱਟਦਾ ਸਾਡਾ। ਆਪਣੇ ਸਾਰੇ ਸਿਆੜਾਂ 'ਚ ਇੱਕ ਸਿਆੜ ਧੀ ਲਈ ਵੀ ਰੱਖ ਲੈ, ਥੋੜਾ ਖਾਕੇ ਵੀ, ਨਿਆਣੇਂ ਪਾਲ ਲਵਾਂਗੀ ।
  ਪਰ ਬੇਗਾਨੇ ਵਿਹੜੇ ਦੇ ਆਪਣੇ ਵੀ ਕਿਓਂ ਸਾਡੇ ਲੇਖਾਂ ਨੂੰ ਆਪਣੀ ਮਰਜੀ ਨਾਲ ਕੰਢਿਆਂ ਸੰਗ ਲਿਖ ਦਿੰਦੇ ਨੇਂ, ਅਸੀਂ ਤਾਂ ਆਪਣੇਂ ਲੇਖਾਂ ਨਾਲ ਤੁਹਾਡੇ ਵਿਹੜੇ ਫੁੱਲ ਉਗਾਉਣ ਦੀਆਂ ਰੀਝਾਂ ਲੈਕੇ ਜਵਾਨ ਹੁੰਦੀਆਂ ਦਸਤਕ ਦਿੰਦੀਆਂ ਹਾਂ ਤੁਹਾਡੇ ਬੂਹੇ।"

 ਔਲਾਦਾਂ ਦੇ ਮੋਹ ਰੱਸਿਆਂ ਵਰਗੇ, ਬਾਪੂ ਦੀ ਇੱਜ਼ਤ ਜੰਜੀਰਾਂ ਵਰਗੀ 'ਤੇ ਸਾਡੀ ਜਿੰਦ ਕਾਗਜ਼ ਦੇ ਟੁਕੜਿਆਂ ਦੇ ਸਾਹਮਣੇ ਪਾਣੀ ਦੇ ਬੁਲਬਲੇ ਵਰਗੀ। 
  ਬਸ ਇਹੀ ਕਹਿਣ ਨੂੰ ਜੀਅ ਕਰਦਾ, ਕਦੀ ਕਦੀ ਧੀਆਂ ਨੂੰ ਇਹ ਵੀ ਕਹਿ ਦਿਆ ਕਰੋ, ਕਿ
  " ਘਰ ਇਹ ਵੀ ਤੇਰਾ ਏ, ਜਦੋਂ ਮਰਜੀ ਬੂਹਾ ਖੜਕਾ ਦਵੀਂ।"
 ਜੇ ਬਾਪੂ ਇੰਝ ਆਖ ਦਿੰਦਾਂ ਤਾਂ ਵਰਿਆਂ ਪਹਿਲਾਂ ਉਹ ਵੀ 'ਤੇ ਕੁੱਝ ਦਿਨ ਪਹਿਲਾਂ ਇਹ ਵੀ ਜਰੂਰ ਬੂਹਾ ਖੜਕਾਉਂਦੀਆਂ।