ਸਿਹਤ ਵਿਭਾਗ ਦੀ ਟੀਮ ਨੇ ਘਰ-ਘਰ ਜਾ ਕੇ ਲੱਭੇ ਮੱਛਰਾਂ ਲਾਰਵਾ, 8 ਅੱਠ ਘਰਾਂ ਦੇ ਕੱਟੇ ਚਲਾਨ

Last Updated: Jun 01 2019 12:17
Reading time: 2 mins, 11 secs

ਗਰਮੀ ਅਤੇ ਬਾਰਸ਼ ਦੇ ਮੌਸਮ ਦੌਰਾਨ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਅਤੇ ਇਨ੍ਹਾਂ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਲਾਰਵਾ ਸਰਵੇ ਮੁਹਿੰਮ ਦੌਰਾਨ ਨਗਰ ਕੌਂਸਲ ਅਤੇ ਸਿਹਤ ਅਧਿਕਾਰੀਆਂ ਦੀ ਟੀਮ ਵੱਲੋਂ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਮੁਹੱਲਾ ਵਿਕਾਸ ਨਗਰ ਇਲਾਕੇ ਦੇ ਘਰਾਂ 'ਚ ਜਾ ਕੇ ਮੱਛਰਾਂ ਦੇ ਲਾਰਵਾ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਮੈਂਬਰਾਂ ਨੇ ਡੋਰ ਟੂ ਡੋਰ ਜਾ ਕੇ ਲੋਕਾਂ ਦੇ ਘਰਾਂ ਅੰਦਰ ਕੂਲਰਾਂ ਅਤੇ ਹੋਰ ਥਾਵਾਂ ਤੇ ਜਮਾਂ ਰਹਿੰਦੇ ਪਾਣੀ 'ਚ ਲਾਰਵਾ ਦੀ ਜਾਂਚ ਕੀਤੀ। ਜਾਂਚ ਦੌਰਾਨ ਅੱਠ ਘਰਾਂ 'ਚ ਮੱਛਰਾਂ ਦਾ ਲਾਰਵਾ ਪਾਏ ਜਾਣ ਦੇ ਚੱਲਦੇ ਸਬੰਧਿਤ ਮਕਾਨ ਮਾਲਕਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਮੱਛਰਾਂ ਦੇ ਕੱਟੇ ਜਾਣ ਕਾਰਨ ਹੋਣ ਵਾਲੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਬੁਖ਼ਾਰ ਸਬੰਧੀ ਜਾਗਰੂਕ ਕਰਦੇ ਹੋਏ ਪ੍ਰਚਾਰ ਸਮਗਰੀ ਵੰਡੀ ਗਈ ਅਤੇ ਡਾਇਰੀਏ ਤੋਂ ਬਚਾਅ ਰੱਖਣ ਲਈ ਵੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ.ਹਰਵੀਰ ਸਿੰਘ ਅਤੇ ਪੀਐਚਸੀ ਚਨਾਰਥਲ ਕਲਾਂ ਦੇ ਐਸਐਮਓ ਡਾ.ਰਮਿੰਦਰ ਕੌਰ ਦੇ ਨਿਰਦੇਸ਼ਾਂ ਤੇ ਹੈਲਥ ਇੰਸਪੈਕਟਰ ਹਰਮਿੰਦਰਪਾਲ ਅਤੇ ਨਗਰ ਕੌਂਸਲ ਦੇ ਚੀਫ਼ ਸੈਨੇਟਰੀ ਸੁਪਰਵਾਈਜ਼ਰ ਰਮੇਸ਼ ਕੁਮਾਰ ਦੀ ਅਗਵਾਈ 'ਚ ਟੀਮ ਨੇ ਇਲਾਕਾ ਵਾਸੀਆਂ ਨੂੰ ਡੇਂਗੂ ਅਤੇ ਚਿਕਨਗੁਨੀਆ ਬਿਮਾਰੀ ਪ੍ਰਤੀ ਜਾਗਰੂਕ ਕਰਦੇ ਕਿਹਾ ਕਿ ਕੂਲਰਾਂ, ਗਮਲਿਆਂ, ਛੱਤਾਂ ਤੇ ਪਏ, ਟੁੱਟੇ ਫ਼ੁੱਟੇ ਬਰਤਨਾਂ, ਟਾਇਰਾਂ ਆਦਿ ਪਾਣੀ ਜਮਾਂ ਨਹੀਂ ਰਹਿਣ ਦੇਣਾ ਚਾਹੀਦਾ। ਸਾਫ਼ ਖੜੇ ਪਾਣੀ 'ਚ ਡੇਂਗੂ ਤੇ ਚਿਕਨਗੁਨੀਆ ਮੱਛਰਾਂ ਦੇ ਲਾਰਵਾ ਪੈਦਾ ਹੁੰਦੇ ਹਨ ਅਤੇ ਬਿਮਾਰੀ ਫੈਲਾਉਂਦੇ ਹਨ। ਇਸ ਲਈ ਕੂਲਰਾਂ ਆਦਿ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਡੇਂਗੂ ਅਤੇ ਚਿਕਨਗੁਨੀਆ ਮੱਛਰਾਂ ਦੇ ਲਾਰਵਾ ਪੈਦਾ ਨਾ ਹੋਣ।

ਇਸ ਮੌਕੇ ਹੈਲਥ ਇੰਸਪੈਕਟਰ ਹਰਮਿੰਦਰਪਾਲ ਨੇ ਦੱਸਿਆ ਕਿ ਦਿਨ ਸਮੇਂ ਸ਼ਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਮੱਛਰ ਇਨਸਾਨ ਨੂੰ ਦਿਨ ਦੇ ਸਮੇਂ ਕੱਟਦੇ ਹਨ। ਇਸ ਲਈ ਲੋਕਾਂ ਨੂੰ ਆਪਣੇ ਆਲ਼ੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਇਸ ਮੌਕੇ ਟੀਮ ਮੈਂਬਰਾਂ ਵੱਲੋਂ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਰੱਖਣ ਦੇ ਤਰੀਕਿਆਂ ਸਬੰਧੀ ਜਾਗਰੂਕਤਾ ਪ੍ਰਚਾਰ ਪੰਫਲੈਟ ਵੰਡੇ ਗਏ ਅਤੇ ਘਰਾਂ ਤੇ ਖ਼ਾਲੀ ਪਏ ਪਲਾਟਾਂ 'ਚ ਮੱਛਰਾਂ ਨੂੰ ਮਾਰਨ ਸਬੰਧੀ ਪੈਸਟੀਸਾਈਡ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਲੋਕਾਂ ਨੂੰ ਮੱਛਰਾਂ ਤੋਂ ਬਚਾਅ ਰੱਖਣ ਲਈ ਮੱਛਰ ਮਾਰਨ ਵਾਲੀਆਂ ਦਵਾਈਆਂ ਅਤੇ ਕਰੀਮਾਂ ਦੇ ਇਸਤੇਮਾਲ ਦੇ ਨਾਲ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਤੋਂ ਇਲਾਵਾ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਹੋਣ ਵਾਲੀ ਡਾਇਰੀਏ ਵਰਗੀ ਬਿਮਾਰੀ ਤੋਂ ਬਚਣ ਲਈ ਹਮੇਸ਼ਾ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਪੱਕੇ ਫ਼ਲ ਅਤੇ ਖੁੱਲ੍ਹੇ 'ਚ ਵਿਕਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ਼ ਅਤੇ ਸ਼ੁੱਧ ਬਣਾਏ ਰੱਖਣ ਲਈ ਕਲੋਰੀਨ ਦੀਆਂ ਗੋਲੀਆਂ ਅਤੇ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਵਾਲੀ ਪ੍ਰਚਾਰ ਸਮਗਰੀ ਵੰਡੀ ਗਈ। ਇਸ ਮੌਕੇ ਸਿਹਤ ਮੁਲਾਜ਼ਮ ਹਰਦੀਪ ਸਿੰਘ ਤੰਗਰਾਲਾ ਤੇ ਨਰਪਿੰਦਰ ਸਿੰਘ ਅੰਬੇਮਾਜਰਾ ਵੀ ਮੌਜੂਦ ਸਨ।