ਸਰਹੱਦੀ ਜ਼ਿਲ੍ਹੇ 'ਚ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪੰਜ ਦਿਨਾਂ ਚੱਲੇਗੀ 'ਵਿਸ਼ੇਸ਼ ਸਫ਼ਾਈ ਮੁਹਿੰਮ'

Last Updated: May 31 2019 17:52
Reading time: 1 min, 46 secs

5 ਜੂਨ ਨੂੰ ਮਨਾਏ ਜਾਣ ਵਾਲੇ ਵਿਸ਼ਵ ਵਾਤਾਵਰਨ ਦਿਵਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਵੱਲੋਂ ਜੰਗਲਾਤ ਵਿਭਾਗ, ਸਿੱਖਿਆ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ 1 ਤੋਂ 5 ਜੂਨ 2019 ਤੱਕ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਜ.) ਫਿਰੋਜ਼ਪੁਰ ਰਣਜੀਤ ਸਿੰਘ ਵੀ ਹਾਜ਼ਰ ਸਨ। 

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ 1 ਜੂਨ ਨੂੰ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਸਪਤਾਲ, ਸਕੂਲਾਂ, ਕਾਲਜਾਂ ਅਤੇ ਧਾਰਮਿਕ ਸਥਾਨਾਂ ਤੇ ਸਫ਼ਾਈ ਅਭਿਆਨ ਚਲਾਇਆ ਜਾਵੇਗਾ ਤੇ ਸਾਰੇ ਕੰਪੋਸਟ ਯੂਨਿਟਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 2 ਜੂਨ ਨੂੰ ਕਾਰਜ ਸਾਧਕ ਅਫ਼ਸਰਾਂ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੂੜੇ ਦਾ ਵਰਗੀਕਰਨ ਸਬੰਧੀ ਅਤੇ ਪਲਾਸਟਿਕ, ਥਰਮੋਕੋਲ, ਪਾਲੀਥੀਨ ਨਾ ਵਰਤਣ ਸਬੰਧੀ ਜਾਗਰੂਕ ਕੀਤਾ ਜਾਵੇਗਾ। 

ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਵੱਲੋਂ ਕੂੜੇ ਨੂੰ ਅੱਗ ਨਾ ਲਗਾਉਣ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2 ਜੂਨ ਨੂੰ ਫ਼ਿਰੋਜ਼ਪੁਰ ਵਿੱਚ ਪੈਂਦੇ ਸਾਰੇ ਵਿੱਦਿਅਕ ਕੇਂਦਰਾਂ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ ਅਤੇ ਸਮੂਹ ਸਕੂਲਾਂ ਦੇ ਸਟਾਫ਼ ਨੂੰ ਸੈਗਰੀਗੇਸ਼ਨ ਅਤੇ ਕੰਪੋਸਟਿੰਗ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਫ਼ਿਰੋਜ਼ਪੁਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ, ਦੁਕਾਨਾਂ ਦੇ ਕੂੜੇ ਨੂੰ ਅਲੱਗ-ਅਲੱਗ ਕਰਕੇ ਗਾਰਬੇਜ ਕੁਲੈਕਟਰ ਨੂੰ ਦੇਣ। 

ਉਨ੍ਹਾਂ ਕਿਹਾ ਕਿ ਪਲਾਸਟਿਕ ਪਾਲੀਥੀਨ ਦੀ ਵਰਤੋਂ ਨਾ ਕਰਨ ਸਬੰਧੀ ਰਿਹਾਇਸ਼ੀ ਅਤੇ ਕਮਰਸ਼ੀਅਲ ਸਥਾਨਾਂ ਤੇ ਸਲੋਗਨ ਲਿਖੇ ਜਾਣਗੇ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿੱਚ ਪੈਂਦੇ ਢਾਬੇ, ਰੈਸਟੋਰੈਂਟ ਅਤੇ ਹੋਟਲਾਂ ਵੱਲੋਂ ਆਪਣੇ ਕੂੜੇ ਦਾ ਨਿਪਟਾਰਾ ਆਪ ਕੀਤਾ ਜਾਵੇ ਅਤੇ ਉਹ ਕੂੜੇ ਨੂੰ ਅੱਗ ਨਾ ਲਗਾਉਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਫ਼ਿਰੋਜ਼ਪੁਰ ਵਿੱਚ ਪੈਂਦੇ ਸਾਰੇ ਦਫ਼ਤਰਾਂ ਅਤੇ ਅਧਿਕਾਰੀਆਂ ਵੱਲੋਂ ਆਪਣੇ ਰਸੋਈ ਘਰਾਂ ਵਿੱਚ 2 ਡਸਟਬਿਨ (ਨੀਲਾ/ਹਰਾ) ਰੱਖੇ ਜਾਣ ਤੇ ਕੂੜੇ ਦਾ ਵਰਗੀਕਰਨ ਕੀਤਾ ਜਾਵੇ। 

ਨਗਰ ਕੌਂਸਲ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕਰਕੇ ਕੂੜੇ ਦੀ ਮੁੜ ਵਰਤੋਂ, ਕੂੜੇ ਦੀ ਪੈਦਾਵਾਰ ਨੂੰ ਘੱਟ ਕਰਨ ਤੇ ਕੂੜੇ ਤੋਂ ਜੈਵਿਕ ਖਾਦ ਬਣਾਉਣ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ 5 ਜੂਨ ਨੂੰ ਨਗਰ ਕੌਂਸਲ ਵੱਲੋਂ ਪਬਲਿਕ ਪਖਾਨਿਆਂ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਬੂਟੇ ਲਗਾਏ ਜਾਣਗੇ। ਇਸ ਮੌਕੇ ਡਿਪਟੀ ਡੀ.ਈ.ਓ. ਸੈਕੰਡਰੀ ਕੋਮਲ ਅਰੋੜਾ, ਡਾਕਟਰ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਨਗਰ ਕੌਂਸਲ ਫਿਰੋਜ਼ਪੁਰ ਦੇ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ, ਈ.ਓ. ਪੂਨਮ ਭਟਨਾਗਰ ਆਦਿ ਹਾਜ਼ਰ ਸਨ।