ਬੱਚਿਆਂ ਦੇ ਮਨ ਨੂੰ ਤਰੋ-ਤਾਜ਼ਾ ਰੱਖਣ ਲਈ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਵੀ ਜ਼ਰੂਰੀ- ਡਾ. ਸਤਿੰਦਰਜੀਤ ਨਿੱਝਰ

Last Updated: May 31 2019 13:28
Reading time: 1 min, 15 secs

ਪਿਛਲੇ ਲੰਮੇ ਸਮੇਂ ਤੋਂ ਵਿੱਦਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੇ 'ਵੁੱਡ ਬਲਾਜ਼ਮ ਸਕੂਲ' ਬਟਾਲਾ ਦੀ ਸੁਹਿਰਦ ਮੈਨੇਜਮੈਂਟ ਅਤੇ ਯੋਗ ਅਧਿਆਪਕਾਂ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ, ਸੱਭਿਆਚਾਰਕ ਸਰਗਰਮੀਆਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਮਨੋਰੰਜਕ ਗਤੀਵਿਧੀਆਂ ਨਾਲ ਵੀ ਜੋੜ ਕੇ ਰੱਖਿਆ ਜਾ ਰਿਹਾ ਹੈ। ਇਨ੍ਹਾਂ ਅੱਤ ਦੀ ਗਰਮੀ ਦੇ ਦਿਨਾਂ ਵਿੱਚ ਬੱਚਿਆਂ ਨੂੰ ਕੁਝ ਯਾਦਗਾਰੀ ਪਲ ਦੇਣ ਦਾ ਉਪਰਾਲਾ ਕਰਦੇ ਹੋਏ ਸਕੂਲ ਮੈਨੇਜਮੈਂਟ ਵੱਲੋਂ ਮਈ ਮਹੀਨੇ ਦੀਆਂ ਪ੍ਰੀਖਿਆਵਾਂ ਖਤਮ ਹੋਣ ਤੋਂ ਬਾਅਦ ਬੱਚਿਆਂ ਦੇ ਮਨੋਰੰਜਨ ਅਤੇ ਆਨੰਦ ਲਈ ਸਕੂਲ ਵਿੱਚ 'ਪੂਲ ਪਾਰਟੀ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਵਿਮਿੰਗ ਪੂਲ ਨੂੰ ਰੰਗ-ਬਿਰੰਗੇ ਗੁਬਾਰਿਆਂ, ਗੇਂਦਾਂ ਅਤੇ ਛੱਤਰੀਆਂ ਨਾਲ ਖੂਬ ਸਜਾਇਆ ਗਿਆ ਅਤੇ ਸਵਿਮਿੰਗ ਪੂਲ ਨੂੰ ਹੋਰ ਵੀ ਆਕਰਸ਼ਿਤ ਬਣਾਉਣ ਲਈ ਇਸ ਦੇ ਇੱਕ ਕੋਨੇ ਨੂੰ ਸਮੁੰਦਰ ਵਰਗੀ ਮਨਮੋਹਕ ਦਿੱਖ ਦਿੱਤੀ ਗਈ। 

ਇਸ ਤੋਂ ਇਲਾਵਾ ਛੋਟੇ ਬੱਚਿਆਂ ਨੇ ਬਾਥ-ਟੱਬ, ਪਾਣੀ ਦੇ ਫੁਹਾਰਿਆਂ ਅਤੇ ਡਾਂਸ ਪਾਰਟੀ ਦਾ ਵੀ ਖੂਬ ਆਨੰਦ ਮਾਣਿਆ। ਇਸ ਮੌਕੇ 'ਵੁੱਡ ਬਲਾਜ਼ਮ ਸਕੂਲ' ਦੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ ਅਤੇ 'ਵੁੱਡਸਟਾਕ ਸਕੂਲ' ਦੀ ਪ੍ਰਿੰਸੀਪਲ ਸ਼੍ਰੀਮਤੀ ਐਨਸੀ ਵੀ ਇਸ 'ਪੂਲ ਪਾਰਟੀ' ਵਿੱਚ ਉੱਚੇਚੇ ਤੌਰ 'ਤੇ ਸ਼ਾਮਿਲ ਹੋਏ ਅਤੇ ਨੰਨ੍ਹੇ-ਮੁੰਨੇ ਬੱਚਿਆਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ। ਇਸ ਮੌਕੇ 'ਵੁੱਡ ਬਲਾਜ਼ਮ ਸਕੂਲ' ਦੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ ਨੇ ਕਿਹਾ ਕਿ ਜੀਵਨ ਵਿੱਚ ਸਫਲ ਹੋਣ ਲਈ ਵਿੱਦਿਆ ਬਹੁਤ ਜ਼ਰੂਰੀ ਹੈ, ਪਰ ਵਿਦਿਆਰਥੀਆਂ ਦੇ ਮਨ ਨੂੰ ਤਰੋ-ਤਾਜ਼ਾ ਅਤੇ ਤਨਾਓ-ਮੁਕਤ ਰੱਖਣ ਲਈ ਖੇਡਾਂ ਅਤੇ ਮਨੋਰੰਜਨ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਸੀਨੀਅਰ ਕੋਆਰਡੀਨੇਟਰ ਸ਼੍ਰੀਮਤੀ ਸਾਕਸ਼ੀ ਹਾਂਡਾ ਨੇ ਇਸ 'ਪੂਲ ਪਾਰਟੀ' ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣ ਬਦਲੇ ਸਕੂਲ ਮੈਨੇਜਮੈਂਟ, ਸਟਾਫ ਮੈਂਬਰਜ਼ ਅਤੇ ਬੱਚਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।