ਜ਼ਿਗਜ਼ੈਗ ਟੈਕਨੌਲੋਜੀ ਨਾਲ ਭੱਠਿਆਂ ਤੋਂ ਨਿਕਲਦੇ ਹਵਾ ਪ੍ਰਦੂਸ਼ਣ ਤੇ ਲੱਗੇਗੀ ਰੋਕ !!

Last Updated: May 31 2019 12:36
Reading time: 1 min, 33 secs

ਇੱਟ ਭੱਠਿਆਂ ਦੀਆਂ ਚਿਮਨੀਆਂ 'ਚੋਂ ਨਿਕਲਦੇ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਇਸ ਸਾਲ ਦੇ ਵਿਸ਼ਾ ਹਵਾ ਪ੍ਰਦੂਸ਼ਣ ਦੇ ਵਾਤਾਵਰਨ ਤੇ ਪੈ ਰਹੇ ਬੁਰੇ ਪ੍ਰਭਾਵ ਤੋਂ ਬਚਾਅ ਸਬੰਧੀ ਬੋਰਡ ਦੇ ਫਤਹਿਗੜ ਸਾਹਿਬ ਸਥਿਤ ਖੇਤਰੀ ਦਫ਼ਤਰ 'ਚ ਭੱਠਾ ਮਾਲਕਾਂ ਨਾਲ ਟੈਕਨੀਕਲ ਸੈਸ਼ਨ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਫਤਹਿਗੜ ਸਾਹਿਬ, ਖੰਨਾ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਭੱਠਿਆਂ ਦੇ ਮਾਲਕਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਨ ਇੰਜੀਨੀਅਰ ਵਿਜੈ ਕੁਮਾਰ ਨੇ ਭੱਠਾ ਮਾਲਕਾਂ ਦੇ ਨਾਲ ਵੱਧਦੇ ਹਵਾ ਪ੍ਰਦੂਸ਼ਣ ਤੇ ਰੋਕ ਲਗਾਉਣ ਸਬੰਧੀ ਵਿੱਚਾਰ ਵਟਾਂਦਰਾ ਕੀਤਾ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ।

ਇਸ ਮੌਕੇ ਵਾਤਾਵਰਨ ਇੰਜੀਨੀਅਰ ਵਿਜੈ ਕੁਮਾਰ ਨੇ ਦੱਸਿਆ ਕਿ ਭੱਠਿਆਂ ਦੇ ਮਾਲਕਾਂ ਨੂੰ ਵਾਤਾਵਰਨ ਨੂੰ ਸਾਫ ਰੱਖਣ ਲਈ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਜ਼ਿਗਜ਼ੈਗ ਟੈਕਨੌਲੋਜੀ ਤੇ ਆਧਾਰਤ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭੱਠਿਆਂ 'ਚ ਇਸਤੇਮਾਲ ਕੀਤੇ ਜਾਂਦੇ ਡੀ.ਜੀ.ਸੈਟ ਉੱਪਰ ਕਨੋਪੀ ਅਤੇ ਡੀਜ਼ਲ ਇੰਜਨ ਨੂੰ ਸਾਊਂਡ ਪਰੂਫ ਕਮਰੇ ਵਿੱਚ ਰੱਖਣ ਅਤੇ ਲੋੜੀਂਦੀ ਉੁਚਾਈ ਦੀ ਚਿਮਨੀ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਭੱਠਿਆਂ ਦੇ ਮਾਲਕਾਂ ਨੂੰ ਜ਼ਿਗਜ਼ੈਗ ਟੈਕਨੌਲੋਜੀ ਆਧਾਰਤ ਯੰਤਰ 30 ਸਤੰਬਰ ਤੱਕ ਲਗਾਉਣ ਦੇ ਨਿਰਦੇਸ਼ ਦਿੱਤੇ ਗਏ।

ਉਨ੍ਹਾਂ ਦੱਸਿਆ ਕਿ ਭੱਠਾ ਮਾਲਕਾਂ ਨੇ ਵਾਤਾਵਰਨ ਨੂੰ ਸਾਫ ਰੱਖਣ ਲਈ ਵਿਸ਼ਵਾਸ ਦਵਾਇਆ ਕਿ ਉਹ ਨਿਰਧਾਰਿਤ ਸਮੇਂ ਵਿੱਚ ਭੱਠਿਆਂ ਤੇ ਜ਼ਿਗਜ਼ੈਗ ਟੈਕਨੌਲੋਜੀ ਤੇ ਆਧਾਰਿਤ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਲਗਾ ਲੈਣਗੇ। ਇਸ ਤੋਂ ਇਲਾਵਾ ਭੱਠਾ ਮਾਲਕਾਂ ਨੂੰ ਆਪਣੇ ਆਪਣੇ ਭੱਠੇ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੈਸ. ਲਕਸ਼ਮੀ ਐਨਰਜੀ ਅਤੇ ਫੂਡਜ਼ ਕੰਪਨੀ, ਖਮਾਣੋਂ ਦੇ ਮਾਲਕ ਜਨਕ ਸਿੰਘ ਉੱਪਲ ਨੇ ਦੱਸਿਆ ਕਿ ਉਹ ਆਪਣੇ ਪਾਵਰ ਪਲਾਂਟ ਵਿੱਚ ਰਾਈਸ ਹਸਕ ਦੀ ਬਾਲਣ ਦੇ ਤੌਰ ਤੇ ਵਰਤੋਂ ਕਰ ਰਹੇ ਹਨ, ਜਿਸ ਨਾਲ ਪੈਦਾ ਹੋਣ ਵਾਲੀ ਫਲਾਈ ਐਸ਼ ਨੂੰ ਭੱਠਿਆਂ 'ਚ ਇੱਟਾਂ ਬਣਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਮਿਤ ਕੁਮਾਰ, ਚਰਨਜੀਤ ਰਾਏ, ਗੁਲਸ਼ਨ ਕੁਮਾਰ ਅਤੇ ਮੋਹਿਤ ਸਿੰਗਲਾ ਆਦਿ ਤੋਂ ਇਲਾਵਾ ਜ਼ਿਲ੍ਹੇ ਦੇ ਇੱਟ ਭੱਠਾ ਵੀ ਮੌਜੂਦ ਸਨ।