ਮੋਦੀ ਬਨਾਮ ਰਾਹੁਲ ਬਣ ਕੇ ਹੀ ਰਹਿ ਗਈਆਂ ਸਨ ਆਮ ਚੋਣਾਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 30 2019 18:26
Reading time: 2 mins, 13 secs

ਦੇਸ਼ ਵਿੱਚ ਲੋਕ ਸਭਾ ਚੋਣਾਂ ਹੋ ਨਿੱਬੜੀਆਂ ਹਨ, ਨਤੀਜੇ ਵੀ ਆ ਚੁੱਕੇ ਹਨ ਤੇ ਖ਼ਬਰ ਪ੍ਰਕਾਸ਼ਿਤ ਹੋਣ ਤੱਕ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੌਂਹ ਚੁੱਕ ਚੁੱਕੇ ਹੋਣਗੇ ਤੇ ਨਾਲ ਹੀ ਉਨ੍ਹਾਂ ਦੀ ਕੈਬਨਿਟ 'ਚ ਸ਼ਾਮਲ ਹੋਣ ਵਾਲੇ ਕੁਝ ਮੰਤਰੀ ਵੀ। ਜਿਹੜੀ ਸੌਂਹ ਅੱਜ ਨਰਿੰਦਰ ਮੋਦੀ ਨੇ ਚੁੱਕੀ ਹੈ, ਉਹ ਸੌਂਹ ਰਾਹੁਲ ਗਾਂਧੀ ਵੀ ਚੁੱਕ ਸਕਦੇ ਸਨ ਜੇਕਰ ਉਹ ਦੇਸ਼ ਦੇ ਵੋਟਰਾਂ ਨੂੰ ਸਮਝਾਉਣ ਵਿੱਚ ਕਾਮਯਾਬ ਹੋ ਜਾਂਦੇ ਕਿ ਉਹ ਭਾਜਪਾ ਦੀ ਥਾਂ ਤੇ ਕਾਂਗਰਸ ਨੂੰ ਵੋਟਾਂ ਕਿਉਂ ਪਾਉਣ।

ਸਿਆਸੀ ਮਾਹਿਰਾਂ ਅਨੁਸਾਰ, ਦੇਸ਼ ਵਿੱਚ ਵੱਖ-ਵੱਖ ਸੱਤ ਪੜਾਵਾਂ 'ਚ ਪਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਦੇਸ਼ ਵਿੱਚ ਇੱਕ ਇਹੋ ਜਿਹਾ ਸਿਆਸੀ ਮਹੌਲ ਪੈਦਾ ਹੋ ਚੁੱਕਾ ਸੀ, ਜਿਸਨੇ ਕਿ ਦੇਸ਼ ਦੀ ਜਨਤਾ ਦੀਆਂ ਨਜ਼ਰਾਂ 'ਚ, ਇਹਨਾਂ ਚੋਣਾਂ ਨੂੰ ਮਹਿਜ਼ ਮੋਦੀ ਬਨਾਮ ਰਾਹੁਲ ਬਣਾ ਕੇ ਰੱਖ ਦਿੱਤਾ ਸੀ। ਦੇਸ਼ ਵਿੱਚ ਇੱਕ ਇਹੋ ਜਿਹੀ ਸਿਆਸੀ ਹਨੇਰੀ ਚੱਲੀ ਕਿ ਦੇਸ਼ ਦੀ ਜਨਤਾ ਇਹਨਾਂ ਚੋਣਾਂ ਨੂੰ ਭਾਜਪਾ ਤੇ ਕਾਂਗਰਸ ਦੇ ਦਰਮਿਆਨ ਦੰਗਲ ਸਮਝ ਬੈਠੀਆਂ।

ਸਿਆਸੀ ਮਾਹਿਰਾਂ ਅਨੁਸਾਰ ਭਾਵੇਂਕਿ, ਦੇਸ਼ ਦੀ ਜਨਤਾ ਤਾਂ ਇਸ ਸਿਆਸੀ ਦਾਅ ਪੇਚ ਨੂੰ ਨਹੀਂ ਸੀ ਸਮਝ ਸਕੀ ਪਰ ਦੇਸ਼ ਦੀਆਂ ਹੋਰ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਲੀਡਰ, ਭਾਜਪਾ ਦੀ ਇਸ ਸਿਆਸੀ ਖੇਡ ਨੂੰ ਭਲੀ ਭਾਂਤੀ ਸਮਝ ਚੁੱਕੀਆਂ ਸਨ, ਕਿ ਇਹ ਖੇਡ ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਸਕਦੀਆਂ ਹਨ, ਪਰ ਉਹ ਇਸ ਖੇਡ ਦਾ ਕੋਈ ਤੋੜ ਲੱਭਣ 'ਚ ਕਾਮਯਾਬ ਨਹੀਂ ਹੋ ਸਕੀਆਂ। ਸਿਆਸੀ ਮਾਹਰ ਅਤੇ ਵਿਸ਼ਲੇਸ਼ਕ ਵੀ ਇਹ ਮੰਨਦੇ ਹਨ ਕਿ ਭਾਜਪਾ ਦੇ ਕਾਂਗਰਸ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਆਗੂ, ਚਾਹ ਕੇ ਵੀ ਵੋਟਰਾਂ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ ਕਿ ਆਖ਼ਰ ਉਹ, ਉਨ੍ਹਾਂ ਨੂੰ ਵੋਟ ਕਿਉਂ ਪਾਉਣ।

ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਤੋਂ ਇਲਾਵਾ ਦੇਸ਼ ਦੀ ਤੀਜੀ ਵੱਡੀ ਤੇ ਇਹਨਾਂ ਦੋਹਾਂ ਨੂੰ ਭਾਵੇਂ ਚੰਦ ਸੂਬਿਆਂ 'ਚ ਹੀ ਟੱਕਰ ਦੇਣ ਦਾ ਹੌਂਸਲਾ ਰੱਖਣ ਵਾਲੀ ਆਮ ਆਦਮੀ ਪਾਰਟੀ ਦੇ ਕਨਵੀਨਰ ਵੀ ਮੰਨਦੇ ਹਨ ਕਿ ਉਹ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੇ ਦਿਲ ਦੀ ਗੱਲ ਲੋਕਾਂ ਤੱਕ ਪਹੁੰਚਾ ਨਹੀਂ ਸਕੇ ਤੇ ਨਾ ਹੀ ਵੋਟਰਾਂ ਨੂੰ ਸਮਝ ਸਕੇ। ਕੇਜ਼ਰੀਵਾਲ ਨੇ ਆਪਣੀ ਪਾਰਟੀ ਦੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਵਲੰਟੀਅਰਾਂ ਤੇ ਆਪਣੇ ਸਮਰਥਕਾਂ ਦੇ ਨਾਮ ਲਿਖੀ ਖੁੱਲ੍ਹੀ ਚਿੱਠੀ ਵਿੱਚ ਇਹ ਗੱਲਾਂ ਕਬੂਲੀਆਂ ਹਨ।

ਕਾਬਿਲ-ਏ-ਗੌਰ ਹੈ ਕਿ 2014 ਦੀਆਂ ਆਮ ਚੋਣਾਂ ਵਿੱਚ ਆਪ ਨੇ ਪੰਜਾਬ ਵਿੱਚ ਚਾਰ ਸੀਟਾਂ ਹਾਸਲ ਕੀਤੀਆਂ ਸਨ ਜਦਕਿ, ਪੰਜ ਸਾਲ ਬਾਅਦ ਇੱਕ ਸੀਟ ਲੈ ਕੇ ਉਹ ਮਸਾਂ ਆਪਣੀ ਇੱਜ਼ਤ ਹੀ ਬਚਾ ਪਾਈ ਹੈ। ਕੇਵਲ ਆਮ ਆਦਮੀ ਪਾਰਟੀ ਹੀ ਨਹੀਂ ਬਲਕਿ ਦੇਸ਼ ਦੀਆਂ ਹੋਰ ਵੀ ਕਈ ਵੱਡੀਆਂ ਪਾਰਟੀਆਂ ਮੋਦੀ ਦੀ ਚੱਲੀ ਹਨੇਰੀ ਵਿੱਚ ਗੁਆਚ ਗਈਆਂ। ਭਾਵੇਂਕਿ ਹੁਣ ਕੇਜ਼ਰੀਵਾਲ ਸਣੇ ਹੋਰ ਸਿਆਸੀ ਪਾਰਟੀਆਂ ਵੀ ਹੁਣੇ ਤੋਂ ਹੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟ ਜਾਣ ਦੀਆਂ ਗੱਲਾਂ ਕਰ ਰਹੀਆਂ ਹਨ, ਪਰ ਬਾਵਜੂਦ ਇਸਦੇ ਇਹ ਤਾਂ ਮੰਨਣਾ ਹੀ ਪੈਣਾ ਹੈ ਕਿ ਇਹ ਚੋਣਾਂ ਮੋਦੀ ਬਨਾਮ ਰਾਹੁਲ ਬਣ ਕੇ ਹੀ ਰਹਿ ਗਈਆਂ ਸਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।