ਨਹੀਂ ਟਲਦਾ ਸਿੱਧੂ, ਟਵਿੱਟਰ ਰਾਹੀ ਫੇਰ ਸਾਧਿਆ ਵਿਰੋਧੀਆਂ ਤੇ ਨਿਸ਼ਾਨਾ

Last Updated: May 30 2019 16:22
Reading time: 1 min, 18 secs

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਆਪਣੇ ਹੀ ਅੰਦਾਜ਼ ਵਿੱਚ ਜ਼ਿੰਦਗੀ ਜਿਊਣ ਲਈ ਜਾਣੇ ਜਾਂਦੇ ਹਨ ਕਿਸੇ ਵੀ ਸਥਿਤੀ ਵਿੱਚ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਹੀ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਹਨ। ਲੋਕ-ਸਭਾ ਚੋਣਾ ਦੌਰਾਨ ਵੀ ਸਿੱਧੂ ਨੇ ਆਪਣੇ ਪ੍ਰਚਾਰ ਵਿੱਚ ਸ਼ਾਇਰਾਨਾ ਅੰਦਾਜ਼ ਦੀ ਖ਼ੂਬ ਵਰਤੋਂ ਕੀਤੀ ਸੀ ਜਿਸ ਕਰਕੇ ਭਾਵੇਂ ਕਿ ਭੀੜ ਤਾਂ ਇਕੱਠੀ ਹੋ ਜਾਂਦੀ ਰਹੀ ਹੈ ਪਰ ਲੋਕਾਂ ਦੀ ਇਸ ਭੀੜ ਨੂੰ ਸਿੱਧੂ ਵੋਟਾਂ ਵਿੱਚ ਬਦਲਣ ਵਿੱਚ ਇਸ ਵਾਰ ਕਾਮਯਾਬ ਨਹੀਂ ਸਨ ਹੋ ਪਾਏ। ਚੋਣਾ ਵਿੱਚ ਕਾਂਗਰਸ ਦੀ ਹੋਈ ਜ਼ਬਰਦਸਤ ਹਾਰ ਤੋਂ ਬਾਅਦ ਵੀ ਸਿੱਧੂ ਦਾ ਪੰਜਾਬ ਵਿੱਚ ਮੁੱਖ ਮੰਤਰੀ ਨਾਲ ਇੱਟ ਖੜੱਕਾ ਤੁਰਿਆ ਆ ਰਿਹਾ ਹੈ ਤੇ ਇੱਕ ਦਿਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਿੱਝ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣਾ ਗ਼ੁੱਸਾ ਵੀ ਸਿੱਧੂ ਤੇ ਕੱਢ ਦਿੱਤਾ ਸੀ ਤੇ ਕਹਿ ਦਿੱਤਾ ਸੀ ਕਿ, ਕੀ ਹੈ ਸਿੱਧੂ, ਕੌਣ ਹੈ ਸਿੱਧੂ। ਜਿਸ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਹਲਚਲ ਕਾਫ਼ੀ ਤੇਜ਼ ਹੋ ਗਈ ਸੀ ਤੇ ਸਿੱਧੂ ਦੇ ਵਿਰੁੱਧ ਹੋਰ ਵੀ ਕਈ ਮੰਤਰੀਆਂ ਨੇ ਬਿਆਨਬਾਜ਼ੀ ਕੀਤੀ ਸੀ ਤੇ ਇੰਝ ਲੱਗਦਾ ਸੀ ਕਿ ਹੁਣ ਕੈਪਟਨ ਖੇਮਾ ਸਿੱਧੂ ਤੇ ਕੋਈ ਵੱਡੀ ਕਾਰਵਾਈ ਕਰਵਾ ਕੇ ਹੀ ਰਹੇਗਾ ਪਰ ਓਧਰ ਜੇਕਰ ਸਿੱਧੂ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਤੋਂ ਵੀ ਕੋਈ ਖ਼ਤਰਾ ਨਹੀਂ ਹੈ ਤੇ ਉਹ ਆਪਣੇ ਹੀ ਅੰਦਾਜ਼ ਵਿੱਚ ਮਸਤ ਹਨ ਤੇ ਆਪਣੇ ਟਵਿੱਟਰ ਅਕਾਊਂਟ ਤੇ ਰੋਜ਼ ਹੀ ਕੋਈ ਨਾ ਕੋਈ ਸ਼ਾਇਰੀ ਕਰਦੇ ਰਹਿੰਦੇ ਹਨ। ਅੱਜ ਇੱਕ ਵਾਰ ਮੁੜ ਸਿੱਧੂ ਨੇ ਟਵਿੱਟਰ ਤੇ ਲਿਖਿਆ ਹੈ-  

ਪਰਿੰਦੋ ਕੋ ਮੰਜ਼ਿਲ ਮਿਲੇਗਾ ਹਮੇਸ਼ਾ,
ਜੇ ਫੈਲੇ ਹੁਏ ਉਨਕੇ ਪੰਖ ਬੋਲਤੇ ਹੈ
ਵਹੀ ਲੋਗ ਰਹਿਤੇ ਹੈ ਖ਼ਾਮੋਸ਼ ਅਕਸਰ
ਜ਼ਮਾਨੇ ਮੇ ਜਿਨਕੇ ਹੁਨਰ ਬੋਲਤੇ ਹੈ

ਇਸ ਅੰਦਾਜ਼ ਵਿੱਚ ਸਿੱਧੂ ਨੇ ਇੱਕ ਵਾਰ ਮੁੜ ਆਪਣੇ ਵਿਰੋਧੀਆਂ ਦੇ ਨਿਸ਼ਾਨਾ ਸਾਧਿਆ ਹੈ।