ਸਰਕਾਰੀ ਸਕੂਲਾਂ 'ਚ ਅਧਿਆਪਕ ਤਾਂ ਪੂਰੇ ਨਹੀਂ ਹੁੰਦੇ ਤੇ ਕਰਨ ਨੂੰ ਫਿਰਦੈ ਅੰਗਰੇਜ਼ੀ ਮੀਡੀਅਮ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 29 2019 12:44
Reading time: 3 mins, 13 secs

ਸਿੱਖਿਆ ਵਿਭਾਗ ਜਿਹੜਾ ਕਿ ਸਮੇਂ ਸਮੇਂ 'ਤੇ ਅਜਿਹੇ ਪੱਤਰ ਜਾਰੀ ਕਰਦਾ ਰਹਿੰਦਾ ਹੈ, ਜਿਸ ਦੇ ਨਾਲ ਵਿਭਾਗ ਖੁਦ ਹੀ ਆਪਣੇ ਜਾਰੀ ਕੀਤੇ ਪੱਤਰਾਂ ਵਿੱਚ ਘਿਰ ਜਾਂਦਾ ਹੈ। ਜੀ ਹਾਂ ਦੋਸਤੋਂ, ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਹੁਣੇ ਇੱਕ ਹੁਕਮ ਸੁਣਾਇਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਇੰਗਲਿਸ਼ ਮੀਡੀਅਮ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਦੇ ਸਬੰਧ ਵਿੱਚ ਕਈ ਜਗ੍ਹਾਵਾਂ 'ਤੇ ਕਲਾਸਾਂ ਲੱਗਣੀਆਂ ਵੀ ਸ਼ੁਰੂ ਹੋ ਗਈਆਂ ਹਨ।

ਇਸ ਹੁਕਮ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਵਿੱਚ ਇੰਗਲਿਸ਼ ਮੀਡੀਅਮ ਨੂੰ ਲੈ ਕੇ ਅਧਿਆਪਕਾਂ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਅਧਿਆਪਕ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਪੜ੍ਹਾਉਣ ਬਾਰੇ ਜਾਗਰੂਕ ਕਰ ਰਹੇ ਹਨ। ਇੱਥੇ ਹੀ ਬੱਸ ਨਹੀਂ ਕਈ ਜਗਾਵਾਂ 'ਤੇ ਤਾਂ ਸਰਕਾਰ ਦੇ ਵੱਲੋਂ ਅਧਿਆਪਕਾਂ 'ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਪੜ੍ਹਾਇਆ ਜਾਵੇ, ਜਦ ਕਿ ਹਕੀਕਤ ਕੁਝ ਹੋਰ ਹੈ।

ਸੱਚ ਜਾਣੀਏ ਤਾਂ ਇਹ ਹੈ ਕਿ ਪਹਿਲੀ ਜਮਾਤ ਤੋਂ ਲੈ ਕੇ ਤਾਂ ਅੱਠਵੀਂ ਜਮਾਤ ਤੱਕ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਈ ਨਹੀਂ ਜਾਂਦੀ, ਉਸ ਤੋਂ ਬਾਅਦ ਇੰਗਲਿਸ਼ ਮੀਡੀਅਮ ਪੜ੍ਹਾਉਣ ਦਾ ਕੋਈ ਤੁੱਕ ਹੀ ਨਹੀਂ ਬਣਦਾ। ਸਰਕਾਰੀ ਸਕੂਲਾਂ ਦੇ ਅੰਦਰ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਘਾਟ ਹੈ। ਪੰਜਾਬ ਦੇ ਬਹੁਤ ਹੀ ਸਰਕਾਰੀ ਸਕੂਲਾਂ ਵਿੱਚ ਤਾਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕ ਹੀ ਪੂਰੇ ਨਹੀਂ ਹਨ। ਇੱਥੋਂ ਤੱਕ ਕਿ ਅੰਗਰੇਜ਼ੀ ਮੀਡੀਅਮ ਦੇ ਅਧਿਆਪਕ ਵੀ ਸਰਕਾਰੀ ਸਕੂਲਾਂ ਵਿੱਚ ਪੂਰੇ ਨਹੀਂ ਹਨ।

ਪਤਾ ਨਹੀਂ ਪੰਜਾਬ ਦੇ ਸਿੱਖਿਆ ਸਕੱਤਰ ਸਰਕਾਰੀ ਸਕੂਲਾਂ ਦੇ ਅੰਦਰ ਬਗੈਰ ਅਧਿਆਪਕਾਂ ਤੋਂ ਅੰਗਰੇਜ਼ੀ ਮੀਡੀਅਮ ਸ਼ੁਰੂ ਕਰਵਾ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ? ਭਾਵੇਂ ਹੀ ਸਰਕਾਰ ਦੇ ਵੱਲੋਂ ਅੰਗਰੇਜ਼ੀ ਮੀਡੀਅਮ ਬੱਚਿਆਂ ਦੀ ਭਲਾਈ ਦੇ ਲਈ ਕੀਤਾ ਜਾ ਰਿਹਾ ਹੈ, ਪਰ ਵੇਖਿਆ ਜਾਵੇ ਤਾਂ ਬੱਚੇ ਪਹਿਲੋਂ ਹੀ ਪੰਜਾਬੀ ਦੇ ਵਿੱਚੋਂ ਹੀ ਫੇਲ੍ਹ ਹੋ ਰਹੇ ਹਨ, ਉਕਤ ਬੱਚੇ ਅੰਗਰੇਜ਼ੀ ਵਿਸ਼ੇ ਨੂੰ ਪਾਸ ਕਿਵੇਂ ਕਰ ਸਕਣਗੇ ਇਹ ਇੱਕ ਆਪਣੇ ਆਪ ਵਿੱਚ ਹੀ ਵੱਡਾ ਸਵਾਲ ਹੈ।

ਦੋਸਤੋਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਅਧਿਆਪਕ ਪੂਰੇ ਨਹੀਂ ਹਨ। ਜਿੱਥੇ ਕਿ ਸਾਇੰਸ ਤੋਂ ਇਲਾਵਾ ਅੰਗਰੇਜ਼ੀ ਅਤੇ ਕੰਪਿਊਟਰ ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਘਾਟ ਹੈ। ਜਿਸ ਦੇ ਕਾਰਨ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੈ ਅਤੇ ਉਹ ਸਰਕਾਰੀ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ ਵੱਲ ਰੁੱਖ ਕਰ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਰਕਾਰ ਦੀਆਂ ਨੀਤੀਆਂ ਸਿੱਖਿਆ ਪ੍ਰਤੀ ਸਹੀ ਨਹੀਂ ਹੈ।

ਦੱਸ ਦੇਈਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਅੱਜ ਵੀ ਅਜਿਹੇ ਹਨ, ਜਿੱਥੇ ਕਿ ਬਿਲਡਿੰਗਾਂ ਵੀ ਚੰਗੀਆਂ ਨਹੀਂ ਹਨ ਅਧਿਆਪਕ ਤਾਂ ਬੜੀ ਦੂਰ ਦੀ ਗੱਲ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਸ਼ੁਰੂ ਕਰਨ ਦੇ ਨਾਲ ਭਾਵੇਂ ਹੀ ਬੱਚਿਆਂ ਦਾ ਵਿਕਾਸ ਹੋਵੇਗਾ। ਪਰ ਬੱਚਿਆਂ ਉੱਤੇ ਜੋ ਬੋਝ ਪਵੇਗਾ, ਉਹ ਸੂਬਾ ਸਰਕਾਰ ਨੇ ਕਦੇ ਵੀ ਨਹੀਂ ਸੋਚਿਆ ਹੋਣਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲੀ ਜਮਾਤ ਤੋਂ ਲੈ ਕੇ ਹੀ ਇੰਗਲਿਸ਼ ਮੀਡੀਅਮ ਦੇ ਤਹਿਤ ਬੱਚਿਆਂ ਨੂੰ ਪੜ੍ਹਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਅੱਗੇ ਜਾ ਕੇ ਕੋਈ ਪ੍ਰੇਸ਼ਾਨੀ ਨਾ ਆਵੇ, ਪਰ ਅਜਿਹਾ ਨਹੀਂ ਹੋ ਰਿਹਾ। ਦੂਜੇ ਪਾਸੇ ਵੇਖੀਏ ਤਾਂ ਪੰਜਾਬ ਸਰਕਾਰ ਦਾ ਭਾਵੇਂ ਹੀ ਇਹ ਸੁਪਨਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਅੰਗਰੇਜ਼ੀ ਮੀਡੀਅਮ ਹੋਵੇ, ਪਰ ਲੱਗਦਾ ਨਹੀਂ ਕਿ ਸਰਕਾਰ ਦਾ ਇਹ ਸੁਪਨਾ ਪੂਰਾ ਹੋ ਸਕੇਗਾ।

ਕਿਉਂਕਿ ਪਿਛਲੀਆਂ ਅੰਗਰੇਜ਼ੀ ਦੀਆਂ ਜਮਾਤਾਂ ਵਿੱਚ ਬਹੁਤ ਸਾਰੇ ਬੱਚੇ ਅੰਗਰੇਜ਼ੀ ਵਿਸ਼ੇ ਵਿੱਚੋਂ ਹੀ ਫੇਲ ਹੋ ਚੁੱਕੇ ਹਨ, ਉਹ ਅੱਗੇ ਜਾ ਕੇ ਅੰਗਰੇਜ਼ੀ ਮੀਡੀਅਮ ਦੇ ਜਰੀਏ ਕੀ ਪੜ੍ਹਨਗੇ, ਇਸ ਦਾ ਅੰਦਾਜ਼ਾ ਸਰਕਾਰ ਖੁਦ ਹੀ ਲਗਾ ਸਕਦੀ ਹੈ। ਮੇਰੇ ਮੁਤਾਬਿਕ ਲੱਗਦਾ ਨਹੀਂ ਕਿ ਸਰਕਾਰ ਦਾ ਇਹ ਸੁਪਨਾ ਪੂਰਾ ਹੋ ਸਕੇਗਾ। ਇਸੇ ਤਰ੍ਹਾਂ ਜੇਕਰ ਆਪਾਂ ਬੁੱਧੀਜੀਵੀ ਵਰਗ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਿਕ ਵੀ ਸਰਕਾਰ ਦਾ ਇਹ ਸੁਪਨਾ ਪੂਰਾ ਨਹੀਂ ਹੋਵੇਗਾ।

ਬੁੱਧੀਜੀਵੀਆਂ ਮੁਤਾਬਿਕ ਸਰਕਾਰ ਭਾਵੇਂ ਹੀ ਲੱਖ ਕੋਸ਼ਿਸ਼ਾਂ ਕਰ ਲਵੇ ਕਿ ਅੰਗਰੇਜ਼ੀ ਮੀਡੀਅਮ ਸ਼ੁਰੂ ਕਰਕੇ ਉਹ ਪੰਜਾਬ ਦੇ ਸਕੂਲਾਂ ਨੂੰ ਤਰੱਕੀ ਦੇ ਰਾਹ 'ਤੇ ਭੇਜ ਕੇ ਛੱਡੇਗੀ, ਪਰ ਅਜਿਹਾ ਕਦੇ ਨਹੀਂ ਹੋ ਸਕਦਾ। ਜੇਕਰ ਸਰਕਾਰ ਅੰਗਰੇਜ਼ੀ ਮੀਡੀਅਮ ਦੇ ਜਰੀਏ ਬੱਚਿਆਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲੋਂ ਸਰਕਾਰ ਪਹਿਲੀ ਜਮਾਤ ਤੋਂ ਲੈ ਕੇ ਹੀ ਅੰਗਰੇਜ਼ੀ ਦੇ ਅਧਿਆਪਕ ਸਕੂਲਾਂ ਦੇ ਵਿੱਚ ਪੂਰੇ ਕਰੇ। ਬਾਕੀ ਦੇਖਦੇ ਹਾਂ ਕਿ ਸਰਕਾਰ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕੇਗੀ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।