ਇਹ ਨੇ ਪੰਜਾਬ ਦੇ 13 ਸਭ ਤੋਂ ਘੱਟ ਵੋਟਾਂ ਲੈਣ ਵਾਲੇ ਉਮੀਦਵਾਰ, ਹਰ ਹਲਕੇ ਦੇ ਫਾਡੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 28 2019 12:19
Reading time: 1 min, 51 secs

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਤਣ ਵਾਲੇ ਅਤੇ ਦੂਜੇ-ਤੀਜੇ ਨੰਬਰ ਤੇ ਰਹਿਣ ਵਾਲੇ ਲਗਭਗ ਸਾਰੇ ਉਮੀਦਵਾਰਾਂ ਦੇ ਚਰਚੇ ਹਨ ਪਰ ਅੱਜ ਨਿਊਜ਼ਨੰਬਰ ਵੱਲੋਂ ਤੁਹਾਡੇ ਸਾਹਮਣੇ 13 ਸੀਟਾਂ ਤੋਂ ਸਭ ਤੋਂ ਘੱਟ ਵੋਟਾਂ ਹਾਸਿਲ ਕਰ ਫਾਡੀ ਰਹਿਣ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਸਭ ਤੋਂ ਪਹਿਲਾਂ ਗੱਲ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਜਿੱਥੇ ਕੇ ਮੁਕਾਬਲੇ ਵਿੱਚ ਕੁੱਲ 30 ਉਮੀਦਵਾਰ ਸਨ ਅਤੇ ਇਹਨਾਂ ਵਿੱਚੋਂ 28 ਸਾਲ ਦੇ ਚਾਂਦ ਕੁਮਾਰ ਨੇ ਮਹਿਜ਼ 235 ਵੋਟਾਂ ਹਾਸਲ ਕਰ ਆਖ਼ਰੀ ਸਥਾਨ ਹਾਸਲ ਕੀਤਾ ਹੈ। ਇਸਦੇ ਬਾਅਦ ਅਨੰਦਪੁਰ ਸਾਹਿਬ ਸੀਟ ਤੇ ਮੁਕਾਬਲੇ ਵਿਚਲੇ ਕੁੱਲ 26 ਉਮੀਦਵਾਰਾਂ ਵਿੱਚੋਂ ਹਿੰਦ ਕਾਂਗਰਸ ਪਾਰਟੀ ਦੇ ਕੰਵਲਜੀਤ ਸਿੰਘ ਨੇ 902 ਵੋਟਾਂ ਨਾਲ ਆਖ਼ਰੀ ਸਥਾਨ ਹਾਸਲ ਕੀਤਾ ਹੈ। ਇਸਦੇ ਬਾਅਦ ਬਠਿੰਡਾ ਸੀਟ ਤੇ 27 ਉਮੀਦਵਾਰਾਂ ਵਿੱਚੋਂ ਪੰਜਾਬ ਲੇਬਰ ਪਾਰਟੀ ਦੇ ਡੇਰਾ ਸਿਰਸਾ ਪ੍ਰੇਮੀ ਗੁਰਮੀਤ ਸਿੰਘ ਇੰਸਾ ਨੇ 692 ਵੋਟਾਂ ਨਾਲ ਆਖ਼ਰੀ ਸਥਾਨ ਹਾਸਲ ਕੀਤਾ ਹੈ। ਫ਼ਰੀਦਕੋਟ ਦੇ ਕੁੱਲ 20 ਉਮੀਦਵਾਰਾਂ ਵਿੱਚੋਂ ਭਾਰਤ ਪ੍ਰਭਾਤ ਪਾਰਟੀ ਦੇ ਪਰਮਿੰਦਰ ਸਿੰਘ ਨੂੰ ਸਿਰਫ਼ 806 ਵੋਟਾਂ ਮਿਲੀਆਂ ਹਨ। ਫ਼ਤਿਹਗੜ੍ਹ ਸਾਹਿਬ ਦੇ ਵਿੱਚ ਸਰਵਜਨ ਸੇਵਾ ਪਾਰਟੀ ਦੇ ਗੁਰਜੀਤ ਸਿੰਘ ਸਿਰਫ਼ 942 ਵੋਟਾਂ ਨਾਲ ਅੰਤਿਮ 20ਵੇਂ ਸਥਾਨ ਤੇ ਰਹੇ ਹਨ।

ਫ਼ਿਰੋਜ਼ਪੁਰ ਦੇ ਵਿੱਚ ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਹਰਮੰਦਰ ਸਿੰਘ ਨੂੰ ਮਹਿਜ਼ ਹੀ 523 ਵੋਟਾਂ ਨਾਲ ਹਲਕੇ ਵਿੱਚੋਂ ਆਖ਼ਰੀ 22ਵੇਂ ਸਥਾਨ ਨਾਲ ਸਬਰ ਕਰਨਾ ਪਿਆ ਹੈ। ਗੁਰਦਾਸਪੁਰ ਦੇ 15 ਉਮੀਦਵਾਰਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਦੇ ਮੰਗਲ ਸਿੰਘ ਨੂੰ ਸਿਰਫ਼ 499 ਵੋਟ ਮਿਲੇ ਹਨ। ਹੁਸ਼ਿਆਰਪੁਰ ਦੇ 8 ਉਮੀਦਵਾਰਾਂ ਵਿੱਚੋਂ ਅਜ਼ਾਦ ਉਮੀਦਵਾਰ ਦਵਿੰਦਰ ਸਿੰਘ ਨੂੰ ਸਭ ਤੋਂ ਘੱਟ 2252 ਵੋਟ ਮਿਲੇ ਹਨ। ਜਲੰਧਰ ਦੇ ਵਿੱਚ ਭਾਰਤ ਪ੍ਰਭਾਤ ਪਾਰਟੀ ਦੇ ਗੁਰੁਪਾਲ ਸਿੰਘ ਨੂੰ ਸਭ ਤੋਂ ਘੱਟ 500 ਵੋਟਾਂ ਨਾਲ ਆਖ਼ਰੀ 19ਵੇਂ ਸਥਾਨ ਤੇ ਗੁਜ਼ਾਰਾ ਕਰਨਾ ਪਿਆ ਹੈ। ਖਡੂਰ ਸਾਹਿਬ ਦੇ 19 ਉਮੀਦਵਾਰਾਂ ਵਿੱਚ ਸ਼੍ਰੋਮਣੀ ਲੋਕ ਦਲ ਪਾਰਟੀ ਦੇ ਸੁਰਜੀਤ ਸਿੰਘ ਨੂੰ ਸਭ ਤੋਂ ਘੱਟ 984 ਵੋਟ ਮਿਲੇ ਹਨ। ਲੁਧਿਆਣਾ ਦੇ 22 ਉਮੀਦਵਾਰਾਂ ਵਿੱਚੋਂ ਅਜ਼ਾਦ ਉਮੀਦਵਾਰ ਮੋਹਿੰਦਰ ਸਿੰਘ ਨੂੰ ਮਹਿਜ਼ 895 ਵੋਟ ਮਿਲੇ ਹਨ। ਪਟਿਆਲਾ ਦੇ ਵਿੱਚ ਅਜ਼ਾਦ ਉਮੀਦਵਾਰ ਗੁਰਨਾਮ ਸਿੰਘ ਨੂੰ ਸਭ ਤੋਂ ਘੱਟ 762 ਵੋਟਾਂ ਨਾਲ 25ਵਾਂ ਸਥਾਨ ਮਿਲਿਆ ਹੈ। ਸੰਗਰੂਰ ਦੇ ਵਿੱਚ 25 ਉਮੀਦਵਾਰਾਂ ਦੇ ਵਿੱਚੋਂ ਅਜ਼ਾਦ ਉਮੀਦਵਾਰ ਪੱਪੂ ਕੁਮਾਰ ਨੂੰ ਸਭ ਤੋਂ ਘੱਟ ਸਿਰਫ਼ 750 ਵੋਟਾਂ ਦੇ ਨਾਲ ਹੀ ਆਖ਼ਰੀ ਸਥਾਨ ਹਾਸਿਲ ਕਰਨਾ ਪਿਆ ਹੈ। ਪੰਜਾਬ ਦੇ ਸਾਰੇ 278 ਉਮੀਦਵਾਰਾਂ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਵੱਧ 6 ਲੱਖ 33 ਹਜ਼ਾਰ 427 ਵੋਟ ਅਤੇ ਅੰਮ੍ਰਿਤਸਰ ਦੇ ਚਾਂਦ ਕੁਮਾਰ ਨੂੰ ਸਭ ਤੋਂ ਘੱਟ ਸਿਰਫ਼ 235 ਵੋਟ ਮਿਲੇ ਹਨ।