ਸਰਕਾਰੀ ਸਕੂਲ ਲੜਕੇ ਵਿਖੇ ਨਸ਼ਿਆਂ ਦੇ ਵਿਰੋਧ ਵਿੱਚ ਭਾਸ਼ਣ ਤੇ ਕਵਿਤਾ ਮੁਕਾਬਲੇ ਕਰਾਏ

Last Updated: May 27 2019 18:16
Reading time: 1 min, 25 secs

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਤਹਿਤ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਬਟਾਲਾ ਦੇ ਬੱਡੀ ਗਰੁੱਪ ਦੇ ਵਿਦਿਆਰਥੀਆਂ ਦੇ ਨਸ਼ਿਆਂ ਦੀ ਬੁਰਾਈ ਵਿਰੁੱਧ ਭਾਸ਼ਣ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਸ੍ਰੀ ਅਨਿਲ ਸ਼ਰਮਾ ਨੇ ਕੀਤੀ। ਵਿਦਿਆਰਥੀਆਂ ਨੇ ਭਾਸ਼ਣ ਅਤੇ ਕਵਿਤਾ ਮੁਕਾਬਲੇ ਵਿੱਚ ਭਾਗ ਲੈਂਦਿਆਂ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੰਦੀਆਂ ਕਵਿਤਾ ਬੋਲੀਆਂ ਅਤੇ ਭਾਸ਼ਣ ਵਿੱਚ ਨਸ਼ਿਆਂ ਤੋਂ ਬਚੇ ਰਹਿਣ ਦਾ ਸੱਦਾ ਦਿੱਤਾ। ਬੱਚਿਆਂ ਨੇ ਬੜੇ ਬਖ਼ੂਬੀ ਢੰਗ ਨਾਲ ਨਸ਼ਿਆਂ ਦੀ ਲਾਹਨਤ ਵਿਰੁੱਧ ਕਟਾਖਸ਼ ਕੀਤੇ ਅਤੇ ਇਸ ਨੂੰ ਮਾਨਵਤਾ ਲਈ ਖ਼ਤਰਾ ਦੱਸਿਆ।

ਇਸ ਮੌਕੇ ਸਕੂਲ ਮੁਖੀ ਸ੍ਰੀ ਅਨਿਲ ਸ਼ਰਮਾ ਨੇ ਸਕੂਲ ਦੇ ਬੱਡੀ ਗਰੁੱਪ ਦੀ ਸਰਾਹੁਣਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਨਸ਼ਿਆਂ ਵਰਗੇ ਗੰਭੀਰ ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕਰਕੇ ਬਾਕੀ ਸਾਥੀਆਂ ਨੂੰ ਨਸ਼ਿਆਂ ਤੋਂ ਬਚਣ ਦੀ ਜੋ ਪ੍ਰੇਰਨਾ ਦਿੱਤੀ ਹੈ ਉਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵਿਅਕਤੀ ਦਾ ਜੀਵਨ ਤਬਾਹ ਕਰਕੇ ਰੱਖ ਦਿੰਦਾ ਹੈ ਅਤੇ ਇਸ ਤੋਂ ਹਰ ਕਿਸੇ ਨੂੰ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀ ਦਾ ਸਮਾਜ ਵਿੱਚ ਕੋਈ ਸਨਮਾਨ ਨਹੀਂ ਰਹਿੰਦਾ ਹੈ ਅਤੇ ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੀ ਬਿਮਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਆਰਥਿਕ ਨੁਕਸਾਨ ਵੀ ਬਹੁਤ ਝੱਲਣਾ ਪੈਂਦਾ ਹੈ ਅਤੇ ਲੋਕਾਂ ਦੇ ਘਰ ਤੱਕ ਨਸ਼ਿਆਂ ਦੇ ਵਹਿਣ 'ਚ ਵਿਕ ਜਾਂਦੇ ਹਨ।

ਪ੍ਰਿੰਸੀਪਲ ਸ਼ਰਮਾ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਪੜ੍ਹਾਈ ਉੱਪਰ ਧਿਆਨ ਦੇਣ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਦੀ ਸੰਗਤ ਨਾ ਕੀਤੀ ਜਾਵੇ ਅਤੇ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਭਾਸ਼ਣ ਅਤੇ ਕਵਿਤਾ ਮੁਕਾਬਲੇ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀ ਅਨਿਲ ਸ਼ਰਮਾ ਅਤੇ ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।