ਬੰਦ ਰੇਲਵੇ ਫਾਟਕ ਪਾਰ ਕਰਨ ਵਾਲੇ ਦੋਪਹੀਆ ਵਾਹਨ ਚਾਲਕਾਂ ਦੇ ਆਰਪੀਐਫ ਨੇ ਕੱਟੇ ਚਲਾਨ

Last Updated: May 27 2019 12:17
Reading time: 1 min, 24 secs

ਨਜਾਇਜ਼ ਝੰਗ ਨਾਲ ਰੇਲਵੇ ਟਰੈਕ ਪਾਰ ਕਰਨ ਵਾਲੇ ਲੋਕਾਂ ਨੂੰ ਰੇਲ ਹਾਦਸਿਆਂ ਤੋਂ ਬਚਾਉਣ ਅਤੇ ਹਾਦਸਿਆਂ ਨੂੰ ਰੋਕਣ ਦੇ ਉਦੇਸ਼ ਨਾਲ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ) ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਖੰਨਾ ਸ਼ਹਿਰ ਦੇ ਰਤਨਹੇੜੀ ਰੇਲਵੇ ਫਾਟਕ ਤੇ ਆਰਪੀਐਫ ਵੱਲੋਂ ਰੇਲਵੇ ਕਰਾਸਿੰਗ ਪਾਰ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਪ੍ਰਚਾਰ ਸਮਗਰੀ ਵੀ ਵੰਡੀ ਗਈ। ਇਸ ਦੇ ਨਾਲ ਹੀ ਨਜਾਇਜ਼ ਢੰਗ ਨਾਲ ਰੇਲਵੇ ਟਰੈਕ ਪਾਰ ਕਰਨ ਵਾਲੇ ਸੱਤ ਮੋਟਰਸਾਈਕਲ ਅਤੇ ਸਕੂਟਰ ਚਾਲਕਾਂ ਦੇ ਚਲਾਨ ਕੱਟੇ ਗਏ।

ਇਸ ਮੌਕੇ ਟੀਮ ਦੀ ਅਗਵਾਈ ਕਰ ਰਹੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ਼) ਦੀ ਖੰਨਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਮੁਨੀਸ਼ ਕੁਮਾਰ ਨੇ ਲੋਕਾਂ ਨੂੰ ਜਾਗਰੂਕਤਾ ਪੰਫਲੇਟ ਵੰਡਦੇ ਹੋਏ ਕਿਹਾ ਕਿ ਬੰਦ ਰੇਲਵੇ ਫਾਟਕ ਨੂੰ ਕਦੀ ਵੀ ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਲੋਕਾਂ ਵੱਲੋਂ ਪਾਰ ਨਹੀਂ ਕਰਨਾ ਚਾਹੀਦਾ। ਜਲਦਬਾਜ਼ੀ 'ਚ ਅਜਿਹਾ ਕਰਨ ਨਾਲ ਰੇਲ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਜਿੱਥੇ ਕਰਾਸਿੰਗ ਪਾਰ ਕਰਨ ਵਾਲੇ ਵਾਹਨ ਚਾਲਕ ਦੀ ਜਾਨ ਜਾ ਸਕਦੀ ਹੈ, ਉਸ ਦੇ ਨਾਲ ਹੀ ਟਰੇਨ 'ਚ ਸਫ਼ਰ ਕਰ ਰਹੇ ਯਾਤਰੀਆਂ ਦੀ ਜਾਨ ਵੀ ਜੋਖਿਮ 'ਚ ਪੈ ਸਕਦੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮੌਕੇ ਬੰਦ ਰੇਲਵੇ ਫਾਟਕ ਸਮੇਂ ਨਜਾਇਜ਼ ਢੰਗ ਨਾਲ ਰੇਲਵੇ ਟਰੈਕ ਪਾਰ ਕਰ ਰਹੇ ਸੱਤ ਮੋਟਰਸਾਈਕਲਾਂ ਅਤੇ ਸਕੂਟਰ ਚਾਲਕਾਂ ਦੇ ਰੇਲਵੇ ਐਕਟ ਤਹਿਤ ਚਲਾਨ ਕੱਟੇ ਗਏ। ਰੇਲਵੇ ਟਰੈਕ ਪਾਰ ਕਰਨਾ ਕਾਨੂੰਨੀ ਜੁਰਮ ਹੈ। ਫਾਟਕ ਬੰਦ ਹੋਣ ਸਮੇਂ ਵੱਜ ਰਹੇ ਹੂਟਰ ਦੀ ਆਵਾਜ਼ ਨੂੰ ਸੁਣਕੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਰੁੱਕ ਜਾਣਾ ਚਾਹੀਦਾ ਹੈ। ਫਾਟਕ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਰੇਲਵੇ ਕੰਪਲੈਕਸ ਅਤੇ ਚਲਦੀ ਟਰੇਨ 'ਚ ਕਿਸੇ ਵੀ ਪ੍ਰਕਾਰ ਦੀ ਸੁਰੱਖਿਆ ਸਬੰਧੀ ਕੋਈ ਯਾਤਰੀ ਜਾਂ ਵਿਅਕਤੀ ਟੋਲ ਫ਼ਰੀ ਨੰਬਰ 182 ਤੇ ਸੂਚਨਾ ਦੇ ਸਕਦਾ ਹੈ। ਇਸ ਮੌਕੇ ਆਰਪੀਐਫ ਦੇ ਏਐਸਆਈ ਬਲਵਿੰਦਰ ਸਿੰਘ, ਕਾਂਸਟੇਬਲ ਆਤਮਪ੍ਰਕਾਸ਼ ਸਿੰਘ, ਲਖਵੀਰ ਸਿੰਘ ਅਤੇ ਹੋਰ ਮੁਲਾਜ਼ਮ ਵੀ ਮੌਜੂਦ ਸਨ।