ਥਰਮਲ ਦੀ ਚਿਮਨੀ ਨੇ ਵੀ ਪਾਇਆ ਰਾਜਾ ਵੜਿੰਗ ਦੀ ਹਾਰ ਵਿੱਚ ਯੋਗਦਾਨ

Last Updated: May 25 2019 19:07
Reading time: 0 mins, 52 secs

ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਇਸ ਵਾਰ ਵੀ ਲੋਕ ਸਭਾ ਦੀ ਬਠਿੰਡਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਛੁਡਵਾਉਣੋਂ ਖੁੰਝ ਗਈ। ਇਸ ਸੀਟ ਤੋਂ ਲਗਾਤਾਰ ਤੀਜੀ ਵਾਰ ਬਾਦਲ ਪਰਿਵਾਰ ਦੀ ਹਰਸਿਮਰਤ ਕੌਰ ਬਾਦਲ ਸਾਂਸਦ ਚੁਣੀ ਗਈ। ਹਾਲਾਂਕਿ ਕਾਂਗਰਸ ਪਾਰਟੀ ਕੋਲ ਇਸ ਹਾਰ ਦੀ ਸਮੀਖਿਆ ਕਰਨ ਲਈ ਬਹੁਤ ਸਾਰੇ ਕਾਰਨ ਹਨ ਪਰ ਇੱਕ ਕਾਰਨ ਬਠਿੰਡਾ ਦਾ ਥਰਮਲ ਪਲਾਂਟ ਬੰਦ ਕਰਨਾ ਵੀ ਹੋ ਸਕਦਾ ਹੈ। 2017 ਵਿਧਾਨ ਸਭਾ ਚੋਣਾਂ ਵਿੱਚ ਬਠਿੰਡਾ ਵਿਧਾਨ ਸਭਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਚੋਣਾਂ ਵਿੱਚ ਥਰਮਲ ਪਲਾਂਟ ਨੂੰ ਬੰਦ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਬਠਿੰਡਾ ਦੇ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ। ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਥਰਮਲ ਪਲਾਂਟ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਜੱਥੇਬੰਦੀਆਂ ਨੇ ਲੰਮਾ ਸਮਾਂ ਸੰਗਰਸ਼ ਕੀਤਾ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਇਸ ਕਰਕੇ ਬਠਿੰਡਾ ਦੇ ਥਰਮਲ ਪਲਾਂਟ ਦੇ ਕਰਮਚਾਰੀਆਂ ਨੇ ਰੋਸ ਵਜੋਂ ਕਾਂਗਰਸ ਨੂੰ ਵੋਟ ਨਾ ਪਾਈ ਹੋਵੇ ਇਹ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਦੇ ਥਰਮਲ ਪਲਾਂਟ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੰਮ ਕਰਦੇ ਸਨ ਇਨ੍ਹਾਂ ਵਿੱਚੋਂ ਜ਼ਿਆਦਾ ਬਠਿੰਡਾ ਲੋਕ ਸਭਾ ਦੇ ਹੀ ਵਾਸੀ ਸਨ।