ਸੀਵਰੇਜ ਪਾਣੀ ਕਰਕੇ ਲੋਕਾਂ ਦਾ ਜਿਊਣਾ ਹੋਇਆ ਦੁੱਭਰ, ਸੰਘਰਸ਼ ਦੀ ਚਿਤਾਵਨੀ

Last Updated: May 25 2019 19:00
Reading time: 1 min, 51 secs

ਸ਼ਹਿਰ ਵਿੱਚ ਸੀਵਰੇਜ ਵਿਵਸਥਾ ਦਰੁਸਤ ਕਰਨ ਲਈ ਸ਼ੁਰੂ ਕੀਤੀ ਗਈ ਅੰਮ੍ਰਿਤ ਯੋਜਨਾ ਦੇ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਨਜਾਤ ਨਹੀਂ ਮਿਲੀ ਹੈ। ਗਲੀਆਂ ਦੀ ਗੱਲ ਛੱਡੋ ਸੀਵਰੇਜ ਓਵਰਫ਼ਲੋ ਹੋਣ ਤੋਂ ਬਾਅਦ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ ਤੱਕ ਵੜਿਆ ਰਹਿੰਦਾ ਹੈ, ਜਿਸ ਕਾਰਨ ਪਰੇਸ਼ਾਨ ਲੋਕਾਂ ਵੱਲੋਂ ਕਈ ਵਾਰ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਪ੍ਰਸ਼ਾਸਨ ਨੂੰ ਸਮੱਸਿਆ ਦਾ ਹੱਲ ਕਰਨ ਲਈ ਮੰਗ ਪੱਤਰ ਦਿੱਤੇ ਗਏ ਹਨ, ਪਰ ਸਮੱਸਿਆ ਦਾ ਹੱਲ ਕਰਨਾ ਤਾਂ ਦੂਰ ਦੀ ਗੱਲ, ਸਫ਼ਾਈ ਕਰਮਚਾਰੀ ਸੀਵਰੇਜ ਵਿੱਚ ਫੱਟੀ ਮਾਰਕੇ ਚਲੇ ਜਾਂਦੇ ਹਨ, ਪਰ ਹੁਣ ਤੱਕ ਮੁਹੱਲਾ ਵਾਸੀਆਂ ਦੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਹੈ। ਇਸਦੇ ਰੋਸ ਵਜੋਂ ਅੱਜ ਗਲੀ ਨੰ: 0 ਵਿੱਚ ਸਥਿਤ ਬਾਬਾ ਰਾਮਦੇਵ ਮੰਦਰ ਵਿੱਚ ਸੈਂਕੜੇ ਔਰਤਾਂ ਨੇ ਸਮਾਜਸੇਵੀ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਇਕੱਠੇ ਹੋਕੇ ਸੀਵਰੇਜ ਬੋਰਡ ਦੇ ਖ਼ਿਲਾਫ਼ ਰੋਸ ਜਤਾਇਆ।

ਇਸ ਮੌਕੇ 'ਤੇ ਸਮਾਜਸੇਵੀ ਰਾਜੇਸ਼ ਗੁਪਤਾ ਸਣੇ ਨਿਰਮਲਾ ਦੇਵੀ, ਸੰਤੋਸ਼ ਦੇਵੀ, ਗੋਤਮੀ ਦੇਵੀ, ਬਿਮਲਾ ਦੇਵੀ, ਜੋਤੀ, ਪਾਇਲ, ਸੀਤਾ, ਰਾਧਾ ਰਾਣੀ, ਰੇਣੂ ਕਾਲੜਾ, ਸੋਨੀਆ ਨੇ ਦੱਸਿਆ ਕਿ ਨਵੀਂ ਆਬਾਦੀ ਵੱਡੀ ਪੌੜੀ ਗਲੀ ਨੰ: 0, 01, 02 ਵਿੱਚ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਮੁਹੱਲਾ ਵਾਸੀਆਂ ਦੇ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ, ਜਿਸ ਕਾਰਨ ਉਹ ਨਰਕ ਤੋਂ ਵੀ ਵੱਧ ਭੈੜੀ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਵਾਰਡ ਕੌਂਸਲਰ, ਵਿਧਾਇਕ ਸਣੇ ਕਈ ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ, ਪਰ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ। ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦੀ ਨਹੀਂ ਹੋਇਆ ਤਾਂ ਇਸ ਵਾਰ ਮੁਹੱਲਾ ਵਾਸੀ ਆਰ-ਪਾਰ ਦੀ ਲੜਾਈ ਲੜਨਗੇ।

ਔਰਤਾਂ ਨੇ ਦੱਸਿਆ ਕਿ ਮੁਹੱਲੇ ਦੀ ਨਰਕ ਭਰੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਦੀ ਗਲੀਆਂ ਵਿੱਚ ਸਬਜ਼ੀ, ਫਰੂਟ, ਦੁੱਧ ਵਾਲੇ ਵੀ ਆਉਣੋਂ ਡਰਦੇ ਹਨ। ਇੰਨਾ ਹੀ ਨਹੀਂ ਇਨ੍ਹਾਂ ਗਲੀਆਂ ਵਿੱਚ ਬਣੇ ਬਾਬਾ ਰਾਮਦੇਵ ਮੰਦਰ ਅਤੇ ਪ੍ਰਾਚੀਨ ਮੰਦਰ ਸ਼ਿਵ ਮੰਦਰ ਵਾਈਟ ਟੈਂਪਲ ਦੀ ਮੂਰਤੀਆਂ ਅਤੇ ਭਾਂਡੇ ਵੀ ਕਾਲੇ ਪੈਣੇ ਸ਼ੁਰੂ ਹੋ ਗਏ ਹਨ। ਇਸ ਬਾਰੇ ਐਕਸੀਅਨ ਜੁਗਲ ਕਿਸ਼ੋਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਪਿਛਲੇ 15 ਸਾਲ ਪੁਰਾਣੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਲਾਈਨ ਦਾ ਕੁਝ ਹਿੱਸਾ ਡੈਮੇਜ ਹੋ ਚੁੱਕਾ ਹੈ, ਜਿਸਦੇ ਚਲਦੇ ਆਏ ਦਿਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੂਨ ਦੀ 15 ਤਰੀਖ ਤੱਕ ਇਸ ਲਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸਦੇ ਨਾਲ ਮੁਹੱਲਾ ਵਾਸੀਆਂ ਨੂੰ ਸਮੱਸਿਆ ਤੋਂ ਨਜਾਤ ਮਿਲ ਜਾਵੇਗੀ।