ਪੈਸਾ, ਪਾਰਟੀ, ਲੈੱਗ ਤੇ ਪੈੱਗ ਹੀ ਨਹੀਂ, ਇੱਕ ਚਿਹਰਾ ਵੀ ਜਿੱਤਿਆ ਹੈ ਪੰਜਾਬ ਵਿੱਚ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 25 2019 17:53
Reading time: 2 mins, 17 secs

ਚੋਣ ਨਤੀਜੇ ਸਾਹਮਣੇ ਆ ਚੁੱਕੇ ਹਨ, ਇਹ ਉਹ ਵੇਲਾ ਨਹੀਂ ਹੈ ਕਿ ਕੌਣ ਕਿੰਨੀਆਂ ਵੋਟਾਂ ਤੇ ਜਿੱਤਿਆ? ਕੌਣ ਕਿੰਨੀਆਂ ਤੇ ਹਾਰਿਆ। ਇਹ ਤਾਂ ਚੈਨਲਾਂ ਤੇ ਅਖ਼ਬਾਰਾਂ ਵਾਲਿਆਂ ਨੇ ਰਟਾ ਦਿੱਤਾ ਹੈ ਜਨਤਾ ਨੂੰ ਪਰ ਬਾਵਜੂਦ ਇਹ ਦੱਸਣਾ ਬਣਦਾ ਹੈ ਕਿ ਸੂਬੇ ਵਿੱਚ ਉਮੀਦਵਾਰ ਲੈੱਗ, ਪੈੱਗ, ਪਾਰਟੀਆਂ, ਪਾਰਟੀਆਂ ਦੇ ਥਾਪੜੇ ਅਤੇ ਪਾਣੀ ਵਾਂਗ ਪੈਸਾ ਵਹਾਉਣ ਦੇ ਬਾਅਦ ਹੀ ਜਿੱਤ ਪਾਏ ਤੇ ਕਈ ਉਹ ਵੀ ਹਨ, ਜਿਨ੍ਹਾਂ ਦੀ ਝੋਲੀ ਵਿੱਚ ਇਹ ਸਭ ਕੁਝ ਕਰਨ ਦੇ ਬਾਅਦ ਵੀ ਹਾਰ ਹੀ ਪਈ।

ਸੂਝਵਾਨ ਤੇ ਜਾਗਦੀ ਜ਼ਮੀਰਾਂ ਵਾਲੇ ਲੋਕ, ਇਹ ਗੱਲ ਮੰਨਦੇ ਹਨ ਕਿ ਪੰਜਾਬ ਵਿੱਚ ਇੱਕ ਉਹ ਵੀ ਸ਼ਖਸ ਹੈ, ਜਿਸਦੇ ਪਾਸ ਨਾ ਹੀ ਲੋਕਾਂ ਨੂੰ ਖੁਆਉਣ ਪਿਲਾਉਣ ਲਈ ਲੈੱਗ ਤੇ ਪੈੱਗ ਸੀ, ਤੇ ਨਾ ਹੀ ਪਾਣੀ ਵਾਂਗ ਵਹਾਉਣ ਲਈ ਪੈਸਾ ਸੀ। ਗੱਲ ਕਰੀਏ ਜੇਕਰ ਉਸਨੂੰ ਪਾਰਟੀ ਦੇ ਮਿਲੇ ਥਾਪੜੇ ਦੀ ਤਾਂ ਉਹ ਤਾਂ ਖ਼ੁਦ ਹੀ ਕੁਪੋਸ਼ਣ ਦੀ ਸ਼ਿਕਾਰ ਹੈ, ਭਲਾ ਉਸਨੇ ਕਿਸੇ ਨੂੰ ਕੀ ਥਾਪੜਾ ਦੇਣਾ ਹੋਇਆ। ਜੀ ਹਾਂ, ਮੇਰੀ ਮੁਰਾਦ ਹੈ, ਭਗਵੰਤ ਮਾਨ ਤੋਂ ਉਹ ਭਗਵੰਤ ਮਾਨ ਜਿਸਨੂੰ ਸ਼ਾਇਦ ਕਿਸੇ ਵੀ ਲੀਡਰ ਨੇ ਲੀਡਰ ਨਹੀਂ ਮੰਨਿਆ। ਪੰਜਾਬ ਵਿੱਚ ਹੁਣ ਤੱਕ ਉਸਦੀ ਤੁਲਨਾ, ਸ਼ਰਾਬੀ ਤੇ ਭੰਡ ਨਾਲ ਹੁੰਦੀ ਆਈ ਹੈ। ਵਿਰੋਧੀ ਧਿਰਾਂ ਨੇ ਤਾਂ ਉਸਦੀ ਵਿਰੋਧਤਾ ਤੇ ਮਜ਼ਾਕ ਉਡਾਉਣਾ ਹੀ ਸੀ, ਉਸਦਾ ਸਾਥ ਛੱਡ ਕੇ ਜਾਣ ਵਾਲੇ ਉਸਦੇ ਆਪਣੇ ਹੀ ਬੰਦਿਆਂ ਨੇ ਉਸ ਦੀਆਂ ਖੂਬ ਬਖ਼ਤੋਈਆਂ ਕੀਤੀਆਂ।

ਦੋਸਤੋਂ, ਮਾਨ ਦੇ ਜਾਤੀ ਤੇ ਸਿਆਸੀ ਵਿਰੋਧੀ ਮੰਨਣ ਭਾਵੇਂ ਨਾ ਮੰਨਣ ਪਰ ਉਸਨੂੰ ਮੁੜ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਾਉਣ ਵਾਲੀ ਸੰਗਰੂਰ ਦੀ ਜਨਤਾ ਇਹ ਗੱਲ ਹਿੱਕ ਠੋਕ ਕੇ ਆਖਦੀ ਸੁਣਾਈ ਦਿੰਦੀ ਹੈ ਕਿ ਮਾਨ ਦੀਆਂ ਰੈਲੀਆਂ ਵਿੱਚ ਲੋਕ ਆਪ ਮੁਹਾਰੇ ਹੀ ਪਹੁੰਚ ਜਾਂਦੇ ਸਨ, ਉਨ੍ਹਾਂ ਨੂੰ ਕੱਠਿਆਂ ਕਰਨ ਲਈ ਨਾ ਹੀ ਪੈਸੇ ਦੀ ਲੋੜ ਪਈ ਤੇ ਨਾ ਹੀ ਸ਼ਰਾਬ ਦੀ। ਸੰਗਰੂਰ ਮੰਨਦੈ ਕਿ ਲੋਕ ਆਪਣੇ ਪਲਿਓਂ ਆਪਣੀਆਂ ਗੱਡੀਆਂ, ਸਕੂਟਰਾਂ, ਮੋਟਰਸਾਈਕਲਾਂ ਤੇ ਟਰੈਕਟਰ ਟਰਾਲੀਆਂ 'ਚ ਤੇਲ ਪੁਆ ਕੇ ਮਾਨ ਲਈ ਪ੍ਰਚਾਰ ਕਰਦੇ ਰਹੇ।

ਸਿਆਸੀ ਮਾਹਰਾਂ ਦਾ ਮੰਨਣੈ ਕਿ ਮਾਨ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਨਾਮ ਜ਼ਰੂਰ ਸੀ ਪਰ ਜਿੱਤ ਉਨ੍ਹਾਂ ਦੇ ਆਪਣੇ ਚਿਹਰੇ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਦੀ ਹੋਈ ਹੈ। ਜਦਕਿ ਉਸਦੀ ਟੱਕਰ ਉਨ੍ਹਾਂ ਲੋਕਾਂ ਦੇ ਨਾਲ ਸੀ ਜਿਨ੍ਹਾਂ ਕੋਲ ਅੰਨਾਂ ਪੈਸਾ, ਉਨ੍ਹਾਂ ਦੀ ਪਿੱਠ ਤੇ ਸੂਬੇ ਤੇ ਦੇਸ਼ ਦੇ ਵੱਡੇ ਵੱਡੇ ਮਹਾਰਥੀਆਂ, ਰਾਜਿਆਂ-ਰਾਣੀਆਂ ਦਾ ਥਾਪੜਾ ਅਤੇ ਮੀਡੀਆ ਦੀ ਵੱਡੀ ਤਾਕਤ ਸੀ। ਮਾਹਰ ਕਹਿੰਦੇ ਹਨ, ਜਿਸ ਪਾਰਟੀ ਨਾਲ ਮਾਨ ਦਾ ਨਾਮ ਜੁੜਿਆ ਹੋਇਆ ਸੀ, ਉਹ ਤਾਂ ਖ਼ੁਦ ਕਿਸੇ ਹੋਰ ਦੇ ਆਸਰੇ ਦੀ ਭਾਲ ਵਿੱਚ ਸੀ।

ਸਰਕਾਰੀ ਸਿਸਟਮ ਤੋਂ ਅੱਕੇ ਤੇ ਖਿੱਝੇ ਹੋਏ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਤੀਲਾ ਤੀਲਾ ਹੋਈ ਆਮ ਆਦਮੀ, ਦੇਸ਼ ਤੇ ਸੂਬੇ ਵਿੱਚਲੀ ਭਾਰੀ ਵਿਰੋਧਤਾ ਅਤੇ ਆਪਣੇ ਖਿਲਾਫ਼ ਹੁੰਦੇ ਕੂੜ ਪ੍ਰਚਾਰ ਦੇ ਬਾਵਜੂਦ ਵੀ ਭਗਵੰਤ ਮਾਨ ਨੇ ਜਿੱਤ ਦਾ ਝੰਡਾ ਗੱਡਿਆ ਹੈ ਤਾਂ ਇਹ ਉਸਦੇ ਆਪਣੇ ਚਿਹਰੇ, ਸ਼ਖਸੀਅਤ ਤੇ ਨਿਰੰਤਰ ਜਾਗਦੀ ਜ਼ਮੀਰ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ, ਵਰਨਾ ਆਮ ਆਦਮੀ ਪਾਰਟੀ ਦੇ ਹੋਰ ਉਮੀਦਵਾਰ ਵੀ ਖੜੇ ਸਨ ਪੰਜਾਬ ਵਿੱਚ, ਜਿਨ੍ਹਾਂ 'ਚੋਂ ਕਈ ਆਪਣੀਆਂ ਜ਼ਮਾਨਤਾਂ ਤੱਕ ਵੀ ਨਹੀਂ ਬਚਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।