ਚਿੱਟੇ ਨਾਲੋਂ ਪੋਸਤ ਚੰਗਾ, ਵੇਚੋ ਜੀ ਭਰ ਕੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 25 2019 15:23
Reading time: 2 mins, 37 secs

ਸਾਡੇ ਦੇਸ਼ ਦੇ ਅੰਦਰ ਭਾਵੇਂ ਹੀ ਹੈਰੋਇਨ ਦੀ ਖੇਤੀ ਅਤੇ ਵਿਕਰੀ 'ਤੇ ਪਾਬੰਦੀ ਹੈ, ਪਰ ਪੋਸਤ ਅਤੇ ਅਫ਼ੀਮ ਦੀ ਖੇਤੀ ਸਾਡੇ ਗੁਆਂਢੀ ਰਾਜ ਰਾਜਸਥਾਨ ਦੇ ਵਿੱਚ ਖੁੱਲ੍ਹੇਆਮ ਹੁੰਦੀ ਹੈ। ਰਾਜਸਥਾਨ ਤੋਂ ਪੰਜਾਬ ਸਮੇਤ ਹੋਰਨਾਂ ਰਾਜਾਂ ਦੇ ਵਿੱਚ ਵੀ ਅਫ਼ੀਮ ਅਤੇ ਪੋਸਤ ਸਪਲਾਈ ਹੁੰਦਾ ਹੈ। ਕਈ ਬੰਦੇ ਅਜਿਹੇ ਹਨ ਕਿ ਉਹ ਚਿੱਟੇ ਦੇ ਸ਼ੌਕੀਨ ਨਹੀਂ ਹਨ, ਪਰ ਉਨ੍ਹਾਂ ਨੂੰ ਪੋਸਤ ਅਤੇ ਅਫ਼ੀਮ ਘਿਉ ਜਾਪਦੇ ਹਨ। ਪੰਜਾਬ ਦੇ ਵਿੱਚ ਪੋਸਤ ਅਤੇ ਅਫ਼ੀਮ ਦੀ ਖੇਤੀ ਨਾ ਹੋਣ ਦੇ ਕਾਰਨ ਇੱਥੋਂ ਦੇ ਲੋਕ ਚੋਰੀ ਛੁਪੇ ਅਫ਼ੀਮ ਅਤੇ ਪੋਸਤ ਖਾਂਦੇ ਅਤੇ ਵੇਚਦੇ ਹਨ। 

ਦੱਸ ਦਈਏ ਕਿ ਅਫ਼ੀਮ ਅਤੇ ਪੋਸਤ ਤੋਂ ਇਲਾਵਾ ਹੈਰੋਇਨ ਨੂੰ ਜਿੱਥੇ ਵਿਅਕਤੀ ਵੇਚਣ ਦਾ ਧੰਦਾ ਕਰਦੇ ਸੀ, ਹੁਣ ਇਨ੍ਹਾਂ ਨਸ਼ੇ ਦੇ ਪਦਾਰਥਾਂ ਨੂੰ ਔਰਤਾਂ ਵੀ ਵੱਡੀ ਗਿਣਤੀ ਵਿੱਚ ਵੇਚ ਰਹੀਆਂ ਹਨ। ਫ਼ਿਰੋਜ਼ਪੁਰ ਸਰਹੱਦੀ ਇਲਾਕੇ ਵਿੱਚ ਖੁੱਲ੍ਹੇਆਮ ਔਰਤਾਂ ਦੇ ਵੱਲੋਂ ਨਸ਼ੇ ਦਾ ਧੰਦਾ ਕੀਤਾ ਜਾ ਰਿਹਾ ਹੈ, ਜਿਸ ਨੂੰ ਰੋਕਣ ਦੇ ਲਈ ਭਾਵੇਂ ਹੀ ਪੁਲਿਸ ਦੇ ਵੱਲੋਂ ਕਈ ਮੁਹਿੰਮਾਂ ਛੇੜੀਆਂ ਹੋਈਆਂ ਹਨ, ਪਰ ਇਹ ਮੁਹਿੰਮਾਂ ਕਿਸੇ ਕੰਮ ਨਹੀਂ ਆ ਰਹੀਆਂ। ਕਿਉਂਕਿ ਸਮਗਲਿੰਗ ਕਰਨ ਵਾਲੇ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਫ਼ਰਾਰ ਹੋ ਰਹੇ ਹਨ। 

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਥਾਣਾ ਮੱਖੂ ਦੀ ਪੁਲਿਸ ਦੇ ਵੱਲੋਂ ਇੱਕ ਅਜਿਹੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਹੈਰੋਇਨ ਅਤੇ ਹੋਰ ਨਸ਼ੇ ਦੇ ਪਦਾਰਥਾਂ ਦੀ ਬਜਾਏ ਪੋਸਤ ਵੇਚਣ ਦਾ ਧੰਦਾ ਕਰਦੀ ਸੀ। ਫੜੀ ਗਈ ਔਰਤ ਦੇ ਕਬਜ਼ੇ ਵਿੱਚੋਂ 30 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਦੇ ਬਾਹਰੀ ਲੋਕਾਂ ਦੇ ਨਾਲ ਸਬੰਧ ਸਨ, ਜੋ ਕਿ ਉਸ ਨੂੰ ਪੋਸਤ ਲਿਆ ਕੇ ਦਿੰਦੇ ਸਨ ਅਤੇ ਔਰਤ ਚੁੱਪ ਚੁਪੀਤੇ ਪੋਸਤ ਨੂੰ ਅੱਗੇ ਸਪਲਾਈ ਕਰ ਰਹੀ ਸੀ। ਇਸ ਸਬੰਧ ਵਿੱਚ ਪੁਲਿਸ ਦੇ ਵੱਲੋਂ ਉਕਤ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। 

ਕੇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੱਖੂ ਦੇ ਸਬ ਇੰਸਪੈਕਟਰ ਕ੍ਰਿਸ਼ਨ ਲਾਲ ਅਤੇ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਦੇ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਜ਼ਿਲ੍ਹੇ ਦੇ ਅੰਦਰ ਰੋਜ਼ਾਨਾ ਹੀ ਨਸ਼ਾ ਤਸਕਰ ਫੜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਬੀਤੇ ਕੱਲ੍ਹ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਖੰਨਾ ਵਿਖੇ ਇੱਕ ਔਰਤ ਪੋਸਤ ਵੇਚਣ ਦਾ ਧੰਦਾ ਕਰਦੀ ਹੈ। 

ਮੁਖ਼ਬਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਕਤ ਵਿਆਹੁਤਾ ਔਰਤ ਪਿਛਲੇ ਲੰਮੇ ਸਮੇਂ ਤੋਂ ਪੋਸਤ ਵੇਚਣ ਦਾ ਕਾਰੋਬਾਰ ਕਰਦੀ ਆ ਰਹੀ ਹੈ ਅਤੇ ਹੁਣ ਵੀ ਪੋਸਤ ਵੇਚ ਰਹੀ ਹੈ, ਜੇਕਰ ਉਕਤ ਔਰਤ ਨੂੰ ਫੜ ਲਿਆ ਜਾਵੇ ਤਾਂ ਪੋਸਤ ਬਰਾਮਦ ਹੋ ਸਕਦਾ ਹੈ। ਸਬ ਇੰਸਪੈਕਟਰ ਕ੍ਰਿਸ਼ਨ ਲਾਲ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਜਦੋਂ ਪਿੰਡ ਖੰਨਾ ਵਿਖੇ ਉਕਤ ਵਿਆਹੁਤਾ ਔਰਤ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਔਰਤ ਦੇ ਘਰੋਂ 30 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। 

ਪੁਲਿਸ ਮੁਤਾਬਿਕ ਪੋਸਤ ਸਮੇਤ ਫੜੀ ਗਈ ਔਰਤ ਦੀ ਪਛਾਣ ਗੁਰਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਪਿੰਡ ਖੰਨਾ ਵਜੋਂ ਹੋਈ ਹੈ। ਜਿਸਦੇ ਵਿਰੁੱਧ ਪੁਲਿਸ ਦੇ ਵੱਲੋਂ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਪੋਸਤ ਸਮੇਤ ਕਾਬੂ ਕੀਤੀ ਗਈ ਔਰਤ ਮੰਨੀ ਕਿ ਚਿੱਟੇ ਨਾਲ ਨੌਜਵਾਨ ਮਰ ਰਹੇ ਸਨ, ਇਸ ਲਈ ਉਸ ਨੇ ਪੋਸਤ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ। ਔਰਤ ਨੇ ਇਹ ਵੀ ਮੰਨਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪੋਸਤ ਵੇਚਣ ਦਾ ਕਾਰੋਬਾਰ ਕਰਦੀ ਆ ਰਹੀ ਸੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।